ਕਿਹੜੇ ਇਸਲਾਮ ਦਾ ਇਹ
ਕਿਹੋ ਜਿਹਾ ਜਲਾਲ ਹੈ
ਖੁਸ਼ਹਾਲੀਆਂ ਦਾ ਰੰਗ ਜੀਹਦਾ
ਹੋਇਆ ਲਾਲੋ - ਲਾਲ ਹੈ
ਸਬਾਬ ਜੀਹਦਾ ਵੱਡਾ ਪਾਣੀ
ਪਿਆਸੇ ਨੂੰ ਪਿਆਉਣ ਦਾ
ਲਹੂ ਦਾ ਪਿਆਸਾ ਹੋਇਆ
ਗੱਲ ਕੀ ਕਮਾਲ ਹੈ
ਭੁੱਲਿਆ ਖੁਦਾ ਨੂੰ ਲੱਗੇ
ਭੁੱਲੀ ਏ ਖੁਦਾਈ ਇਹਨੂੰ
ਦਰਿੰਦਗੀ ਤੇ ਵਹਿਸ਼ਤਾਂ ਦਾ
ਜ਼ਰਾ ਨਾ ਮਲਾਲ ਹੈ
ਯਾ ਮੁਹੰਮਦ ਜੇ ਮਨੁੱਖਾਂ ਦੇ
ਲਈ ਹੀ ਬਣਾਇਆ ਸੀ
ਕਾਹਤੋਂ ਇਹ ਕਰੀ ਜਾਂਦਾ
ਮਨੁੱਖਤਾ ਹਲਾਲ ਹੈ
ਕਿਹੜੇ ਨੇ ਓ ਲੋਕ ਤੇਰੇ
ਕਿਹੀਆਂ ਤੌਫੀਕਾਂ ਵਾਲੇ
ਸੁਖਵੀਰ ਜੇ ਕਮੀਨੇ
ਜਿੰਨਾਂ ਚੱਲੀ ਕੋਝੀ ਚਾਲ ਹੈ
ਕਿਹੜੇ ਇਸਲਾਮ ਦਾ ਇਹ
ਕਿਹੋ ਜਿਹਾ ਜਲਾਲ ਹੈ
................ਸੁਖਵੀਰ.. 29/11/16
Friday, 23 December 2016
ਕਿਹੜੇ ਇਸਲਾਮ ਦਾ
Sunday, 31 July 2016
ਗ਼ਜ਼ਲ
ਫੁੱਲਾਂ ਦੇ ਨਾਲ ਕੰਡੇ ਵੀ ਮੈਂ ਤੋੜ ਲਏ
ਯਾਰਾਂ ਦੇ ਨਾਲ ਵੈਰੀ ਵੀ ਮੈਂ ਜੋੜ ਲਏ,
ਸ਼ਿਕਵਾ ਵੀ ਨਾ ਕੀਤਾ ਲੂਹੇ ਹੱਥਾਂ ਦਾ
ਐਨਾ ਕੀਤਾ ਕਿ ਹੱਥਾਂ ਵਿਚ ਝੰਜੋੜ ਲਏ,
ਰਿਸ਼ਤੇ ਕਈਆਂ ਨਾਲ ਰੂਹੋਂ ਗੂੜੇ੍ ਪਿਆਰਾਂ ਦੇ
ਅਹੁਦਿਆਂ ਦੀ ਹਠ ਤੇ ਮੇਰੀ ਮੈਂ ਨੇ ਖੋਰ ਲਏ,
ਇਉਂ ਕਿਰੀਆਂ ਪਾਲਾਂ ਵਿਚੋਂ ਇਤਫ਼ਾਕ ਦੀਆਂ
ਭੁੱਟੇ ਦੇ ਦਾਣਿਆਂ ਵਾਂਗਰ ਲੜੀਆਂ ਭੋਰ ਲਏ,
ਹੁਣ ਆਦੀ ਹਾਂ ਰੱਜ ਕੇ ਦੁੱਖ ਹੰਡਾਉਣੇਂ ਦਾ
ਕੁਝ ਤੂੰ ਦੇ ਗਈ ਤੇ ਕੁਝ ਕੁ ਮੁੱਲ ਮੈਂ ਹੋਰ ਲਏ
ਸੁਖਵੀਰ ਸੁਖੀ ਵਸ ਸਕਦੇ ਉਹੀਓ ਸੁਣ ਯਾਰਾ
ਜਿੰਨਾਂ ਪਰਛਾਵੇਂ ਜਿਸਮੋਂ ਵੱਖਰੇ ਤੋਰ ਲਏ
Wednesday, 22 June 2016
ਓਸ ਦਿਨ
ਬੁੱਲਾਂ ਤੇ ਸਿਕਰੀ
ਹਲਕ ਦਾ ਸੁੱਕਣਾ
'ਤੇ ਆਵਦੀਆਂ ਧੜਕਣਾਂ ਤੋਂ ਸਿਵਾ
ਹੋਰ ਸਭ ਸੁਣਨਾਂ ਬੰਦ ਹੋ ਜਾਣਾ
ਕੀ ਹੁੰਦਾ ਹੈ
ਓਸ ਦਿਨ ਤੇਰੇ ਅੰਦਰ
ਮੇਰਾ ਅਤੀਤ ਪੁੰਘਰੇਗਾ
ਤੇ ਕਦੇ ਨਾ ਮੁਕਣ ਵਾਲਾ
ਸਫਰ ਸ਼ੁਰੂ ਹੋਵੇਗਾ
ਪਛਤਾਵੇ ਦਾ
ਰਬ ਕਰੇ
ਤੇਰੇ ਤੇ ਉਹ ਵੇਲਾ ਨਾ ਆਵੇ
ਕਿਉਕਿ ਮਰੀ ਹੋਈ ਜ਼ਿੰਦਗ਼ੀ ਕੋਲੋਂ
ਜਿੰਦਾ ਜ਼ਿੰਦਗੀ ਤੋਂ ਵੀ ਵੱਧ
ਜ਼ਿੰਦਗੀ ਖੋਹ ਲੈਣਾ
ਜਣੇ-ਖਣੇ ਦੇ ਵੱਸ ਦਾ ਕੰਮ
ਨਹੀਂ ਹੁੰਦਾ
ਸੁਖਵੀਰ 22/6/16 12:34
#zindghi
Friday, 6 May 2016
ਤੂੰ ਜਦ ਜਦ ਚੇਤੇ ਆਂਵੇਂ
ਇਕ ਖੋਹ ਕਾਲਜੇ ਪੈਂਦੀ ਨੀਂ
ਜੋ ਜਾਨ ਮੇਰੀ ਕੱਢ ਲੈਂਦੀ ਨੀਂ
ਤੂੰ ਜਦ ਜਦ ਚੇਤੇ ਆਵੇਂ ਨੀਂ
ਮੇਰੇ ਨਾਲ ਉਹ ਉਠਦੀ ਬਹਿੰਦੀ ਨੀਂ
ਤੇਰੇ ਮੂੰਹੋਂ ਨਿਕਲੇ ਸੀ ਉਹ ਬੋਲ ਜਦੋਂ
ਸਭ ਭੇਦ ਗਏ ਸੀ ਖੋਹਲ ਜਦੋਂ
ਹੱਦ ਕੀ ਰੂਹ ਤਾਈਂ ਚਿਰ ਗਈ ਸੀ
ਦਿਲ ਸੀਸ਼ਾ ਤਿੜਕਿਆ ਸੋਹਲ ਜਦੋਂ
ਕਾਸ਼ ਕਿ ਇਕ ਆਵਾਜ਼ ਉਹੋ
ਮੇਰੇ ਕੰਨੀਂ ਨਾ ਪੈਂਦੀ ਨੀਂ
ਉਂਝ ਤੇਰੇ ਬਿਨ ਵੀ ਕੀ ਜੀਣ ਇਹ
ਨਿਤ ਵਹਿਣ ਹੰਝਾਂ ਦੇ ਪੀਣ ਇਹ
ਦੋਹੇਂ ਪੁੜ ਤੇਰੇ ਚੇਤਿਆਂ ਦੇ
ਵਿਚ ਜਿੰਦ ਮੇਰੀ ਦਾ ਪੀਹਣ ਇਹ
ਕੀ ਦਸਾਂ ਅੱਲੇ ਜ਼ਖ਼ਮਾਂ ਤੋਂ
ਖਰੀਂਹਡ ਜਿਹੀ ਜਦ ਲਹਿੰਦੀ ਨੀਂ
ਹੁਣ ਧੁਰ ਅੰਦਰੋਂ ਲੀਰੋ-ਲੀਰ ਹਾਂ ਮੈਂ
ਨਾ ਰੂਹ ਤੇ ਨਾਂ ਹੀ ਸਰੀਰ ਹਾਂ ਮੈਂ
ਉੰਝ ਭਲੇ ਹੀ ਲੋਕੀਂ ਕਹਿੰਦੇ ਨੇਂ
ਨਾਂ ਤੋਂ ਬੰਦਾ ਸੁਖਵੀਰ ਹਾਂ ਮੈਂ
ਤੂੰ ਜੀਅ ਸਦਕੇ ਪੁਗਾ ਲੇੈ ਆ ਭਾਵੇਂ
ਜੇ ਕੋਈ ਅਜੇ ਵੀ ਹਸਰਤ ਰਹਿੰਦੀ ਨੀਂ
ਇਕ ਖੋਹ ਕਾਲਜੇ ਪੈਂਦੀ ਨੀਂ
ਜੋ ਜਾਨ ਮੇਰੀ ਕੱਢ ਲੈਂਦੀ ਨੀਂ
ਤੂੰ ਜਦ ਜਦ ਚੇਤੇ ਆਵੇਂ ਨੀਂ
ਮੇਰੇ ਨਾਲ ਉਹ ਉਠਦੀ ਬਹਿੰਦੀ ਨੀਂ
ਸੁਖਵੀਰ ਸਰਵਾਰਾ 6.5.16
Saturday, 5 March 2016
ਗਰੀਬੀ ਦਾ ਸੇਕ
ਮਿਨੀ ਕਹਾਣੀ
ਉਹ ਛੇਵੀਂ ਜਮਾਤ ਵਿਚ ਪੜਦਾ ਹੈ । ਮੈਨੂੰ ਪਤਾ ਸੀ ਕਿ ਉਸਦਾ ਬਾਪ ਨਹੀਂ ਹੈ ਜੋ ਪੰਜਾਬੀ ਸੀ ਤੇ ਮਾਂ ਬਿਹਾਰਨ ਜੋ ਸਰਪੰਚਾਂ ਦਾ ਗੋਹਾ ਕੂੜਾ ਕਰਦੀ ਹੈ ਤੇ ਓਥੇ ਹੀ ਕਿਸੇ ਕੋਠੜੀ ਚ ਰਹਿੰਦੇ ਹਨ। ਇਹ ਸਭ ਮੈਂ ਓਦੋਂ ਤਫ਼ਤੀਸ਼ ਕੀਤਾ ਸੀ ਜਦ ਉਹ ਤੇ ਉਸਦਾ ਭਰਾ ਦੋਵੇਂ ਦਾਖਲ ਹੋਏ ਸਨ ਤੇ ਪਿੰਡ ਦੇ ਬਾਕੀ ਲੋਕ ਇਹ ਕਹਿ ਕੇ ਜਾਂਦੇ ਸਨ ਕਿ ਮਾਸਟਰ ਜੀ ਸਾਡੇ ਜਵਾਕਾਂ ਨੂੰ ਮਾੜਾ ਜਾ ਉਹ ਬਈਆ ਰਾਣੀ ਦੇ ਜਵਾਕਾਂ ਤੋਂ ਦੂਰ ਰਖਿਓ ਅਖੇ ਚੋਰ ਨੇ ਦੋਹੇਂ, ਪਿੰਡ ਚ ਦੁਕਾਨ ਨੂੰ ਰਾਤੀ ਪਾੜ ਲਾਇਆ ਇਹਨਾਂ ਨੇ। ਜਦ ਪੰਜਵੀਂ ਚ ਸਨ।
ਪਰ ਮੈਂ ਆਪਣੇ ਸੁਭਾਅ ਮੁਤਾਬਕ ਹਮੇਸ਼ਾ ਉਲਟੀ ਗਲ ਸੋਚੀ ਕਿ ਵਾਹ ਐਡਾ ਜਿਗਰਾ, ਐਡੀ ਜੁਗਤ, ਇਹ ਤਾਂ ਸਿਰੇ ਦਾ ਹੁਸ਼ਿਆਰ ਦਿਮਾਗ ਹੀ ਕਰ ਸਕਦਾ। ਓਹਨਾਂ ਨੂੰ ਬਸ ਐਨਾ ਹੀ ਕਿਹਾ ਕਿ ਪੁੱਤਰ ਇਹੀ ਦਿਮਾਗ ਆਪਾਂ ਪੜਾਈ ਚ ਲਾਉਣਾ ਤੇ ਕਦੇ ਕਦਾਈਂ ਸਿਰਫ ਹਸ ਕੇ ਦੋਹਾਂ ਦਾ ਹਾਲ ਚਾਲ ਪੁਛ ਲੈਣਾ। ਰਬ ਜਾਣਦੈ ਕਿ ਇਕ ਸਾਲ ਚ ਉਹਨਾ ਦੀ ਨਾ ਸਕੂਲ ਨਾ ਪਿੰਡ ਚੋਂ ਕੋਈ ਸ਼ਿਕਾਇਤ ਆਈ।
ਉਸ ਦਿਨ ਦੋਹਾ ਚੋਂ ਵੱਡਾ ਅਸੈਂਬਲੀ ਵਿਚ ਖੜਾ 'ਤੇ ਮੈਂ ਵੇਖਿਆ ਕਿ ਉਹਦੀ ਕਮੀਜ਼ ਦੀ ਜੇਬ ਚ ਜਲ ਕੇ ਨਿਕੀ ਜਿਹੀ ਮੋਰੀ ਨਿਕਲੀ ਹੋਈ । ਮੈ ਡਰ ਗਿਆ ਕੇ ਕਿਧਰੇ ਬੀੜੀਆਂ ਸਿਗਰਟਾਂ ਨਾ ਪੀਣ ਲਗ ਪਿਆ ਹੋਵੇ। ਮੈਂ ਉਸੇ ਸਮੇਂ ਲਾਈਨ ਚੋਂ ਬਾਹਰ ਦੂਰ ਲਿਜਾ ਕੇ ਉਸਨੂੰ ਪੁਛਿਆ," ਆਹ ਕਿਵੇਂ ਫ਼ੁਕੀ ਆ ਉਏ ਕਮੀਜ਼ ਤੇਰੀ, ਦਸ ਬੀੜੀਆਂ ਪੀਣ ਲਗ ਪਿਐਂ ਤੂੰ?" ਉਹ ਸਹਿਮ ਜੇ ਗਿਆ ਪਰ ਬੋਲਿਆ, " ਨਹੀਂ ਜੀ, ਸਰ ਗਿੱਲੀ ਸੀ, ਚੁੱਲੵੇ ਤੇ ਸੁਕਾਉਣ ਲਗਿਆਂ ਸੇਕ ਨਾਲ ਜਲ ਗਈ, ਜੇ ਵਰਦੀ ਨਾ ਪਾ ਕੇ ਆਂਉਦਾ ਤਾ ਤੁਸੀਂ ਸਜ਼ਾ ਦਿੰਦੇ ਹੋ। ਇਹ ਸੁਣਦਿਆਂ ਹੀ ੳਹੀ ਸੁਰਾਖ ਮੇਰੇ ਦਿਲ ਚ ਨਿਕਲ ਗਿਆ ਤੇ ਇਕ ਹੀ ਕਮੀਜ਼ ਹੋਣ ਦੀ ਗਰੀਬੀ ਦੀ ਓਸ ਅਗ ਦਾ ਸੇਕ ਮੇਰੇ ਕਲੇਜੇ ਤਾਈਂ ਅਪੜ ਗਿਆ ਜੋ ਬੜੀ ਵਾਰ ਨਿੱਕੇ ਹੁੰਦਿਆਂ ਸਕੂਲ ਚ ਮੈਂ ਵੀ ਹੰਡਾਇਆ ਸੀ।
"ਜਾਹ ਪੁੱਤ, ਚਲ ਖੜ ਲਾਈਨ ਚ।" ਸਾਵਧਾਨ ਵੀਸ਼ਰਾਮ ਕਹਿੰਦਿਆਂ ਮੈਂ ਉਸ ਅੱਗ ਤੇ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ।
ਸੁਖਵੀਰ ਸਿੰਘ, ਡਰਾਇੰਗ ਮਾਸਟਰ, ਸਸਸ ਨੰਦਪੁਰਕੇਸ਼ੋ, ਪਟਿਆਲਾ
ਚਲ ਉਠ ਯਾਰਾ
ਚਲ ਉਠ ਯਾਰਾ
ਇਹ 8*10 ਦਾ ਕਮਰਾ
ਤੇ ਇਕ ਮੰਜਾ ਤੇਰੀ ਜਿੰਦਗੀ ਦਾ ਖੇਤਰਫਲ
ਨਾ ਕਦੇ ਸੀ ਤੇ ਨਾ ਕਦੇ ਹੋਣੇ ਨੇ
ਜ਼ੀਰੋ ਵਾਟ ਬਲ੍ਬ ਦੇ ਏਸ
ਹਨੇਰ ਚਾਨਣੇ ਚੋਂ ਭਰਾਵਾ
ਤੇਰਾ ਫੋਨ ਜਾਂ ਰਿਮੋਟ ਤਾਂ ਥਿਆਹ ਜਾਣਗੇ
ਪਰ ਖੁਸ਼ ਰਹਿਣ ਦੇ ਗਵਾਚੇ ਸੁਪਣੇ ਟੋਹਲਣ ਲਈ ਯਾਰਾ
ਹੁਣ ਸੂਰਜ ਨਾਲ ਅੱਖਾਂ ਚਾਰ ਕਰਨੀਆਂ ਹੀ ਪੈਣੀਆਂ ਨੇ
ਕਦ ਤਕ ਬੰਦ ਕਮਰੇ ਚ ਬੈਠਿਆਂ
ਠੋਡੀ ਗੋਡਿਆਂ ਤੇ ਰਖ
ਅਤੀਤ ਦੇ ਸਮੁੰਦਰੀ ਗੋਤੇ ਲਾਉਂਦਾ ਰਹੇਂਗਾ
ਇਹ ਪਤਾ ਹੋਣ ਦੇ ਬਾਵਜੂਦ
ਕੇ ਸੁਚੇ ਮੋਤੀ ਹੰਸਾ ਦੀਆਂ ਚੁੰਝਾ ਚ ਹੀ ਆਉਂਦੇ ਨੇ
ਤੇ ਤੇਰੇ ਹਿੱਸੇ ਤਾਂ ਯਾਰਾ
ਸਾਰੇ ਹੰਸਾ ਸਣੇ ਸਮੁੰਦਰ ਨੇ ਆਉਣਾ ਹੈ
ਫੇਰ ਮਾਉਸੀ ਕਿਸ ਗਲ ਦੀ
ਚਲ ਖੜਾ ਹੋ ਯਾਰਾ
ਤੇ ਗੀਤਾ ਦੇ ਸਾਰ ਬਾਣ ਨੂੰ
ਆਪਣੀ ਸੋਚ ਦੀ ਕਮਾਨ ਤੇ ਚੜ੍ਹਾ
ਤੇ ਜਿੰਦਗੀ ਦੇ ਸਾਰੇ ਨਿਸ਼ਾਨੇ ਵਿੰਨ ਸੁੱਟ
ਜਿਹੜੇ ਅਪਣੀਆ ਥਾਵਾਂ ਤੇ ਕੇਵਲ
ਤੇਰੀ ਉਡੀਕ ਕਰਦੇ ਪਏ ਨੇ
ਆਵਦੀ ਰੂਹ ਦੀ ਕੰਬਲੀ ਚੋਂ
ਫਿਕਰਾਂ ਕੇਰਾਂ ਇਕ ਵਾਰ
ਜੋਰ ਦੀ ਝਾੜ ਦੇ ਯਾਰਾ
ਤੇ ਨਿਕ-ਸੁਕ ਚੋ ਚੱਜ ਦਾ ਕੁਝ ਚੱਕ
ਜੇਬੀ ਪਾ ਤੇ ਤੁਰ ਪਾ ਹੁਣ
ਬਹੁਤ ਸਾਰਾ ਪਿਆਰ ਕਮਾਉਣਾ ਏ ਯਾਰਾ
ਹੁਣ ਤੱਕ ਵਾਰੇ ਪਿਆਰ ਤੋ ਵੀ
ਅਥਾਹ ਜਿਆਦਾ
ਓਹਦੇ ਲਈ ਜਿਹਨੇ
ਪਿਆਰ ਦੇ ਅਸਲ ਹੱਕਦਾਰ ਹੋਣਾ ਏ
ਤੇ ਸਭ ਨੇ ਆਪਣੀ ਆਪਣੀ ਕਰਨੀ
ਵੱਢ ਹੀ ਲੈਣੀ ਏ
ਏਸ ਜਿੰਦਗੀ ਦੇ ਵਾਹਣ ਚੋਂ
ਚਲ ਹੁਣ ਉਠ ਯਾਰਾ
ਚੱਲੀਏ
Tuesday, 9 February 2016
ਰਿਸ਼ਤੇ
ਹਵਾ ਵਰਗੇ
ਹੋ ਨਿਬੜਦੇ ਨੇ ਕਦੇ ਕਦੇ
ਰਿਸ਼ਤੇ ਵੀ
ਮਹਿਸੂਸ ਹੁੰਦੇ ਨੇ ਕੇਵਲ
ਜਜ਼ਬਾਤ ਦੇ ਬੁਲਿਆਂ ਵੇਲੇ
ਕਦੇ ਦਿਖਾਈ ਨਾ ਦੇਣ
ਕਦੇ ਚਲ ਪੈਣ
ਤੇ ਕਦੇ ਨਿਰਾ ਗੁੰਮ
ਜਦ ਦੁਖਾਂ ਦੇ ਕੂੜ ਦੀ ਗੱਲ ਆਵੇ
ਮੁਸ਼ਕ ਜਾਂਦੇ
ਤੇ ਫੁੱਲਾਂ ਵਾਂਗੂੰ ਮਹਿਕ ਜਾਣ
ਜਦ ਸੁਖਾਵੇਂ ਪਲਾਂ ਦੇ
ਬਗੀਚਿਆਂ ਨਾਲ ਖਹਿਣ
ਕਈ ਵਾਰ
ਲੱਖਾਂ ਝੱਖੜ ਝੱਲ ਕੇ ਵੀ
ਨਹੀਂ ਬਣ ਪਾਉਂਦੇਕ
ਅਨੰਤ ਨਾਦ ਦੀ ਧੁਨੀ ਵਰਗੇ
Friday, 5 February 2016
ਜੁਗਨੂੰ
ਤੂੰ ਸੀ ਤਾਂ
ਸੂਰਜ ਸਾਂ
ਜਗ ਰੁਸ਼ਨਾਉਂਦਾ ਸਾਂ
ਚੰਨ ਸਾਂ
ਰਾਤ ਨੂੰ ਵੀ ਰਾਹ ਦਿਖਾਂਉਦਾ ਸਾਂ
ਤੂੰ ਗਈ
ਬਸ ਜੁਗਨੂੰ ਹਾਂ
ਆਪਣੀ ਹੋਂਦ ਵੀ ਬਸ
ਰਹਿ ਰਹਿ ਕੇ
ਦਸ ਹੁੰਦੀ ਹੈ.
............... 23/4/14 8.01 PM
ਚੁੱਪ
ਤੇਰੇ ਮੇਰੇ
ਦੁਨਿਆਵੀ ਰੌਲਿਆਂ ਤੋਂ
ਹਮੇਸ਼ਾ ਹਾਰਦਾ ਹੀ ਰਿਹੈ
ਆਪਣੀ ਚੁੱਪ ਦਾ ਸ਼ੋਰ
ਚੱਲ ਐਤਕੀਂ
ਗੱਲਾਂ ਕਰਨ ਦਵੀਂ
ਨੈਣਾਂ ਨੂੰ ਨੈਣਾਂ ਨਾਲ
ਦਿਲ ਨੂੰ ਦਿਲ ਨਾਲ
ਦਿਲਦਾਰਾ
ਹਰ ਵਾਰ ਜਜ਼ਬਾਤ
ਸ਼ਬਦਾਂ ਦੇ
ਮੁਥਾਜ਼ ਨਹੀਂ ਹੁੰਦੇ
.....................ਸੁਖਵੀਰ