Saturday, 5 March 2016

ਚਲ ਉਠ ਯਾਰਾ

ਚਲ ਉਠ ਯਾਰਾ
ਇਹ 8*10 ਦਾ ਕਮਰਾ
ਤੇ ਇਕ ਮੰਜਾ ਤੇਰੀ ਜਿੰਦਗੀ ਦਾ ਖੇਤਰਫਲ
ਨਾ ਕਦੇ ਸੀ ਤੇ ਨਾ ਕਦੇ ਹੋਣੇ ਨੇ
ਜ਼ੀਰੋ ਵਾਟ ਬਲ੍ਬ ਦੇ ਏਸ
ਹਨੇਰ ਚਾਨਣੇ ਚੋਂ ਭਰਾਵਾ
ਤੇਰਾ ਫੋਨ ਜਾਂ ਰਿਮੋਟ ਤਾਂ ਥਿਆਹ ਜਾਣਗੇ
ਪਰ ਖੁਸ਼ ਰਹਿਣ ਦੇ ਗਵਾਚੇ ਸੁਪਣੇ ਟੋਹਲਣ ਲਈ ਯਾਰਾ
ਹੁਣ ਸੂਰਜ ਨਾਲ ਅੱਖਾਂ ਚਾਰ ਕਰਨੀਆਂ ਹੀ ਪੈਣੀਆਂ ਨੇ
ਕਦ ਤਕ ਬੰਦ ਕਮਰੇ ਚ ਬੈਠਿਆਂ
ਠੋਡੀ ਗੋਡਿਆਂ ਤੇ ਰਖ
ਅਤੀਤ ਦੇ ਸਮੁੰਦਰੀ ਗੋਤੇ ਲਾਉਂਦਾ ਰਹੇਂਗਾ
ਇਹ ਪਤਾ ਹੋਣ ਦੇ ਬਾਵਜੂਦ
ਕੇ ਸੁਚੇ ਮੋਤੀ ਹੰਸਾ ਦੀਆਂ ਚੁੰਝਾ ਚ ਹੀ ਆਉਂਦੇ ਨੇ
ਤੇ ਤੇਰੇ ਹਿੱਸੇ ਤਾਂ ਯਾਰਾ
ਸਾਰੇ ਹੰਸਾ ਸਣੇ ਸਮੁੰਦਰ ਨੇ ਆਉਣਾ ਹੈ
ਫੇਰ ਮਾਉਸੀ ਕਿਸ ਗਲ ਦੀ
ਚਲ ਖੜਾ ਹੋ ਯਾਰਾ
ਤੇ ਗੀਤਾ ਦੇ ਸਾਰ ਬਾਣ ਨੂੰ
ਆਪਣੀ ਸੋਚ ਦੀ ਕਮਾਨ ਤੇ ਚੜ੍ਹਾ
ਤੇ ਜਿੰਦਗੀ ਦੇ ਸਾਰੇ ਨਿਸ਼ਾਨੇ ਵਿੰਨ ਸੁੱਟ
ਜਿਹੜੇ ਅਪਣੀਆ ਥਾਵਾਂ ਤੇ ਕੇਵਲ
ਤੇਰੀ ਉਡੀਕ  ਕਰਦੇ ਪਏ ਨੇ
ਆਵਦੀ ਰੂਹ ਦੀ ਕੰਬਲੀ ਚੋਂ
ਫਿਕਰਾਂ ਕੇਰਾਂ ਇਕ ਵਾਰ
ਜੋਰ ਦੀ ਝਾੜ ਦੇ ਯਾਰਾ
ਤੇ ਨਿਕ-ਸੁਕ ਚੋ ਚੱਜ ਦਾ ਕੁਝ ਚੱਕ
ਜੇਬੀ ਪਾ ਤੇ ਤੁਰ ਪਾ ਹੁਣ
ਬਹੁਤ ਸਾਰਾ ਪਿਆਰ ਕਮਾਉਣਾ ਏ ਯਾਰਾ
ਹੁਣ ਤੱਕ ਵਾਰੇ ਪਿਆਰ ਤੋ ਵੀ
ਅਥਾਹ ਜਿਆਦਾ
ਓਹਦੇ ਲਈ ਜਿਹਨੇ
ਪਿਆਰ ਦੇ ਅਸਲ ਹੱਕਦਾਰ ਹੋਣਾ ਏ
ਤੇ ਸਭ ਨੇ ਆਪਣੀ ਆਪਣੀ ਕਰਨੀ
ਵੱਢ ਹੀ ਲੈਣੀ ਏ
ਏਸ ਜਿੰਦਗੀ ਦੇ ਵਾਹਣ ਚੋਂ
ਚਲ ਹੁਣ ਉਠ ਯਾਰਾ
ਚੱਲੀਏ