Saturday, 5 March 2016

ਗਰੀਬੀ ਦਾ ਸੇਕ

ਮਿਨੀ ਕਹਾਣੀ
ਉਹ ਛੇਵੀਂ ਜਮਾਤ ਵਿਚ ਪੜਦਾ ਹੈ । ਮੈਨੂੰ ਪਤਾ ਸੀ ਕਿ ਉਸਦਾ ਬਾਪ ਨਹੀਂ ਹੈ ਜੋ ਪੰਜਾਬੀ ਸੀ ਤੇ ਮਾਂ ਬਿਹਾਰਨ ਜੋ ਸਰਪੰਚਾਂ ਦਾ ਗੋਹਾ ਕੂੜਾ ਕਰਦੀ ਹੈ ਤੇ ਓਥੇ ਹੀ ਕਿਸੇ ਕੋਠੜੀ ਚ ਰਹਿੰਦੇ ਹਨ। ਇਹ ਸਭ ਮੈਂ ਓਦੋਂ ਤਫ਼ਤੀਸ਼ ਕੀਤਾ ਸੀ ਜਦ ਉਹ ਤੇ ਉਸਦਾ ਭਰਾ ਦੋਵੇਂ ਦਾਖਲ ਹੋਏ ਸਨ ਤੇ ਪਿੰਡ ਦੇ ਬਾਕੀ ਲੋਕ ਇਹ ਕਹਿ ਕੇ ਜਾਂਦੇ ਸਨ ਕਿ ਮਾਸਟਰ ਜੀ ਸਾਡੇ ਜਵਾਕਾਂ ਨੂੰ ਮਾੜਾ ਜਾ ਉਹ ਬਈਆ ਰਾਣੀ ਦੇ ਜਵਾਕਾਂ ਤੋਂ ਦੂਰ ਰਖਿਓ ਅਖੇ ਚੋਰ ਨੇ ਦੋਹੇਂ, ਪਿੰਡ ਚ ਦੁਕਾਨ ਨੂੰ ਰਾਤੀ ਪਾੜ ਲਾਇਆ ਇਹਨਾਂ ਨੇ। ਜਦ ਪੰਜਵੀਂ ਚ ਸਨ।
ਪਰ ਮੈਂ ਆਪਣੇ ਸੁਭਾਅ ਮੁਤਾਬਕ ਹਮੇਸ਼ਾ ਉਲਟੀ ਗਲ ਸੋਚੀ ਕਿ ਵਾਹ ਐਡਾ ਜਿਗਰਾ, ਐਡੀ ਜੁਗਤ, ਇਹ ਤਾਂ ਸਿਰੇ ਦਾ  ਹੁਸ਼ਿਆਰ ਦਿਮਾਗ ਹੀ ਕਰ ਸਕਦਾ। ਓਹਨਾਂ ਨੂੰ ਬਸ ਐਨਾ ਹੀ ਕਿਹਾ ਕਿ ਪੁੱਤਰ ਇਹੀ ਦਿਮਾਗ ਆਪਾਂ ਪੜਾਈ ਚ ਲਾਉਣਾ ਤੇ ਕਦੇ ਕਦਾਈਂ ਸਿਰਫ ਹਸ ਕੇ ਦੋਹਾਂ ਦਾ ਹਾਲ ਚਾਲ ਪੁਛ ਲੈਣਾ। ਰਬ ਜਾਣਦੈ ਕਿ ਇਕ ਸਾਲ ਚ ਉਹਨਾ ਦੀ ਨਾ ਸਕੂਲ ਨਾ ਪਿੰਡ ਚੋਂ ਕੋਈ ਸ਼ਿਕਾਇਤ ਆਈ।
ਉਸ ਦਿਨ ਦੋਹਾ ਚੋਂ ਵੱਡਾ ਅਸੈਂਬਲੀ ਵਿਚ ਖੜਾ 'ਤੇ ਮੈਂ ਵੇਖਿਆ ਕਿ ਉਹਦੀ ਕਮੀਜ਼ ਦੀ ਜੇਬ ਚ ਜਲ ਕੇ ਨਿਕੀ ਜਿਹੀ ਮੋਰੀ ਨਿਕਲੀ ਹੋਈ । ਮੈ ਡਰ ਗਿਆ ਕੇ ਕਿਧਰੇ ਬੀੜੀਆਂ ਸਿਗਰਟਾਂ ਨਾ ਪੀਣ ਲਗ ਪਿਆ ਹੋਵੇ। ਮੈਂ ਉਸੇ ਸਮੇਂ ਲਾਈਨ ਚੋਂ ਬਾਹਰ ਦੂਰ ਲਿਜਾ ਕੇ ਉਸਨੂੰ ਪੁਛਿਆ," ਆਹ ਕਿਵੇਂ ਫ਼ੁਕੀ ਆ ਉਏ ਕਮੀਜ਼ ਤੇਰੀ, ਦਸ ਬੀੜੀਆਂ ਪੀਣ ਲਗ ਪਿਐਂ ਤੂੰ?" ਉਹ ਸਹਿਮ ਜੇ ਗਿਆ ਪਰ ਬੋਲਿਆ, " ਨਹੀਂ ਜੀ, ਸਰ ਗਿੱਲੀ ਸੀ, ਚੁੱਲੵੇ ਤੇ ਸੁਕਾਉਣ ਲਗਿਆਂ ਸੇਕ ਨਾਲ ਜਲ ਗਈ, ਜੇ ਵਰਦੀ ਨਾ ਪਾ ਕੇ ਆਂਉਦਾ ਤਾ ਤੁਸੀਂ ਸਜ਼ਾ ਦਿੰਦੇ ਹੋ। ਇਹ ਸੁਣਦਿਆਂ ਹੀ ੳਹੀ ਸੁਰਾਖ ਮੇਰੇ ਦਿਲ ਚ ਨਿਕਲ ਗਿਆ ਤੇ ਇਕ ਹੀ ਕਮੀਜ਼ ਹੋਣ ਦੀ ਗਰੀਬੀ ਦੀ ਓਸ ਅਗ ਦਾ ਸੇਕ ਮੇਰੇ ਕਲੇਜੇ ਤਾਈਂ ਅਪੜ ਗਿਆ ਜੋ ਬੜੀ ਵਾਰ ਨਿੱਕੇ ਹੁੰਦਿਆਂ ਸਕੂਲ ਚ ਮੈਂ ਵੀ ਹੰਡਾਇਆ ਸੀ।
"ਜਾਹ ਪੁੱਤ, ਚਲ ਖੜ ਲਾਈਨ ਚ।" ਸਾਵਧਾਨ ਵੀਸ਼ਰਾਮ ਕਹਿੰਦਿਆਂ ਮੈਂ ਉਸ ਅੱਗ ਤੇ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ।
      
         ਸੁਖਵੀਰ ਸਿੰਘ, ਡਰਾਇੰਗ ਮਾਸਟਰ, ਸਸਸ         ਨੰਦਪੁਰਕੇਸ਼ੋ, ਪਟਿਆਲਾ