ਇਕ ਖੋਹ ਕਾਲਜੇ ਪੈਂਦੀ ਨੀਂ
ਜੋ ਜਾਨ ਮੇਰੀ ਕੱਢ ਲੈਂਦੀ ਨੀਂ
ਤੂੰ ਜਦ ਜਦ ਚੇਤੇ ਆਵੇਂ ਨੀਂ
ਮੇਰੇ ਨਾਲ ਉਹ ਉਠਦੀ ਬਹਿੰਦੀ ਨੀਂ
ਤੇਰੇ ਮੂੰਹੋਂ ਨਿਕਲੇ ਸੀ ਉਹ ਬੋਲ ਜਦੋਂ
ਸਭ ਭੇਦ ਗਏ ਸੀ ਖੋਹਲ ਜਦੋਂ
ਹੱਦ ਕੀ ਰੂਹ ਤਾਈਂ ਚਿਰ ਗਈ ਸੀ
ਦਿਲ ਸੀਸ਼ਾ ਤਿੜਕਿਆ ਸੋਹਲ ਜਦੋਂ
ਕਾਸ਼ ਕਿ ਇਕ ਆਵਾਜ਼ ਉਹੋ
ਮੇਰੇ ਕੰਨੀਂ ਨਾ ਪੈਂਦੀ ਨੀਂ
ਉਂਝ ਤੇਰੇ ਬਿਨ ਵੀ ਕੀ ਜੀਣ ਇਹ
ਨਿਤ ਵਹਿਣ ਹੰਝਾਂ ਦੇ ਪੀਣ ਇਹ
ਦੋਹੇਂ ਪੁੜ ਤੇਰੇ ਚੇਤਿਆਂ ਦੇ
ਵਿਚ ਜਿੰਦ ਮੇਰੀ ਦਾ ਪੀਹਣ ਇਹ
ਕੀ ਦਸਾਂ ਅੱਲੇ ਜ਼ਖ਼ਮਾਂ ਤੋਂ
ਖਰੀਂਹਡ ਜਿਹੀ ਜਦ ਲਹਿੰਦੀ ਨੀਂ
ਹੁਣ ਧੁਰ ਅੰਦਰੋਂ ਲੀਰੋ-ਲੀਰ ਹਾਂ ਮੈਂ
ਨਾ ਰੂਹ ਤੇ ਨਾਂ ਹੀ ਸਰੀਰ ਹਾਂ ਮੈਂ
ਉੰਝ ਭਲੇ ਹੀ ਲੋਕੀਂ ਕਹਿੰਦੇ ਨੇਂ
ਨਾਂ ਤੋਂ ਬੰਦਾ ਸੁਖਵੀਰ ਹਾਂ ਮੈਂ
ਤੂੰ ਜੀਅ ਸਦਕੇ ਪੁਗਾ ਲੇੈ ਆ ਭਾਵੇਂ
ਜੇ ਕੋਈ ਅਜੇ ਵੀ ਹਸਰਤ ਰਹਿੰਦੀ ਨੀਂ
ਇਕ ਖੋਹ ਕਾਲਜੇ ਪੈਂਦੀ ਨੀਂ
ਜੋ ਜਾਨ ਮੇਰੀ ਕੱਢ ਲੈਂਦੀ ਨੀਂ
ਤੂੰ ਜਦ ਜਦ ਚੇਤੇ ਆਵੇਂ ਨੀਂ
ਮੇਰੇ ਨਾਲ ਉਹ ਉਠਦੀ ਬਹਿੰਦੀ ਨੀਂ
ਸੁਖਵੀਰ ਸਰਵਾਰਾ 6.5.16