ਯਾਰੋ 26 ਜਨਵਰੀ ਆ ਗਈ
ਹੁਣ ਜਸ਼ਨ ਮਨਾਏ ਜਾਣਗੇ
ਹਰ ਜਿਲ੍ਹੇ ਦੇ ਸਟੇਡੀਅਮ'ਚ
ਤਿਰੰਗੇ ਲਹਿਰਾਏ ਜਾਣਗੇ
ਫੇਰ ਸਾਡੇ ਅਰਮਾਨਾ ਨੂ
ਝੰਡੇ ਵਿਚ ਪਾਇਆ ਜਾਵੇਗਾ
ਫੇਰ ਕਿਸੇ ਚਿਟਕਪੜੀਏ ਤੋਂ
ਪੈਰਾਂ ਚ ਰੁਲਾਇਆ ਜਾਵੇਗਾ
ਫੇਰ ਦੋਗਲੀਆਂ ਗੱਲਾਂ ਦੇ
ਬਿਗੁਲ ਵਜਾਏ ਜਾਣਗੇ
ਯਾਰੋ 26 ਜਨਵਰੀ ਆ ਗਈ
ਹੁਣ ਜਸ਼ਨ ਮਨਾਏ ਜਾਣਗੇ
ਬੇਮਤਲਬ ਦੇ ਦੰਗਿਆਂ ਚ ਮਾਰੇ
ਫੌਜੀ ਦੀ ਵਿਧਵਾ ਨੂ ਬੁਲਾਇਆ ਜਾਵੇਗਾ
ਓਹਦੇ ਸਿਰ ਦੇ ਸਾਈ ਦੇ ਬਦਲੇ
ਇਕ ਤਗਮਾ ਫੜਾਇਆ ਜਾਵੇਗਾ
ਪਰ ਓਹਦੀ ਗ੍ਰੈਚੁਟੀ ਦੇ ਬਣਦੇ ਪੈਸੇ
ਨਾ ਛੇਤੀ ਹਥ ਚ ਫੜਾਏ ਜਾਣਗੇ
ਹੁਣ ਜਸ਼ਨ ਮਨਾਏ ਜਾਣਗੇ
ਅਰਥ ਵਿਵਸਥਾ ਕੁਝ % ਸੁਧਰੀ
ਓਹ ਲਾਲ ਕਿਲੇ ਤੇ ਚੜਕੇ ਬੋਲੇਗਾ
ਪਰ ਅਸਲ ਚ ਲੈਣ ਨੂ ਕਰਜ਼ੇ ਬਾਹਰੋ
ਰਾਹ ਮਲਟੀ ਨੈਸ਼ਨਲਜ ਲਈ ਖੋਲੇਗਾ
ਆਰਥਿਕ ਗੁਲਾਮੀ ਦੇ ਬੇੜੀਆਂ ਸੰਗਲ
ਭਾਰਤ ਨੂੰ ਪੁਆਏ ਜਾਣਗੇ
ਹੁਣ ਜਸ਼ਨ ਮਨਾਏ ਜਾਣਗੇ
ਅਸੀਂ ਗਰੀਬੀ ਜੜੋਂ ਹੀ ਚੱਕ ਦੇਣੀ
ਜਹਿਆ ਸਕੀਮਾਂ ਨੂੰ ਸੁਣਾਇਆ ਜਾਵੇਗਾ
ਪਰ ਪਹਿਲੀਆਂ ਕਿਓਂ ਦਮ ਤੋੜ ਗਈਆਂ
ਇਸ ਤਥ ਨੂ ਛੁਪਾਇਆ ਜਾਵੇਗਾ
ਫੇਰ ਉੱਜੜੀਆਂ ਅਖਾਂ ਤੇ ਚਸ਼ਮੇ
ਖੁਸ਼ਹਾਲੀ ਦੇ ਚੜਾਏ ਜਾਣਗੇ
ਹੁਣ ਜਸ਼ਨ ਮਨਾਏ ਜਾਣਗੇ
ਇਸ ਮਹਿੰਗਾਈ ਨੂੰ ਨਥ ਪਾਵਣ ਦੀ
ਕਿਤੇ ਕੋਈ ਗੱਲ ਨਹੀ ਹੋਵੇਗੀ
ਬੇਰੁਜਗਾਰੀ ਜਮਾਂ ਮਿਟਾਵਣ ਦੀ
ਕਿਤੇ ਕੋਈ ਗਲ ਨਹੀਂ ਹੋਵੇਗੀ
ਸਾਮਰਾਜ ਦੀ ਰਹੇਗੀ ਚੜਤ ਓਦਾ
ਸਮਾਜਵਾਦ ਲਿਆਵਣ ਦੀ ਕਿਤੇ ਕੋਈ ਗੱਲ ਨਹੀਂ ਹੋਵੇਗੀ
ਹਾਸ਼ੀਏ ਤੋ ਬਾਹਰ ਸ਼ਹੀਦਾਂ ਦੇ
ਸੁਪਨੇ ਹਟਾਏ ਜਾਣਗੇ
ਹੁਣ ਜਸ਼ਨ ਮਨਾਏ ਜਾਣਗੇ
ਭਲਾ ਦੇਸ਼ ਦਾ ਜੇ ਚਾਹੁੰਦੇ ਤਾ
ਸਚ ਦੀ ਭਿਆਨਕ ਅੱਗ ਸੇਕੋ
ਕੀ ਕੀਤਾ ਹਾਸਿਲ ਗੱਲ ਛਡੋ
ਜੋ ਰਹੰਦਾ ਬਾਕੀ ਸਭ ਦੇਖੋ
ਪਰ ਤਾਕਤ ਦੇ ਨਸ਼ੇ ਲਈ ਹੀ
ਇਹ ਪਰਪੰਚ ਰਚਾਏ ਜਾਣਗੇ
ਯਾਰੋ 26 ਜਨਵਰੀ ਆ ਗਈ
ਹੁਣ ਜਸ਼ਨ ਮਨਾਏ ਜਾਣਗੇ
ਸੁਖਵੀਰ ਸਰਵਾਰਾ