Sunday, 3 February 2013

ਮੇਰਾ ਵਜੂਦ



ਮੇਰਾ ਵਜੂਦ ਹੈ ਡੂੰਘੇ ਪਾਣੀ ਜੇਹਾ
ਨਹੀਂ ਲਹਿਰ ਦਾ ਉੱਤਲਾ ਛੱਲਾ ਹਾਂ
ਭਾਵੇਂ ਲਖ ਬਣਾ ਕਦੇ ਪਥਰ ਦਿਲ
ਪਰ ਅਸਲ'ਚ ਮੋਮ ਦਾ ਪੁਤਲਾ ਹਾਂ

ਵੈਰੀ ਤੇ ਸਾਧੇ ਨਿਸ਼ਾਨੇ ਦਾ,
 ਮੈਨੂ ਕੇਂਦਰ ਬਿੰਦੁ ਕਹਿ ਸਕਦੇ
ਸੱਜਾ ਹਾਂ ਨਾਂ ਖੱਬਾ ਹਾਂ
ਉਰਲਾ ਹਾਂ ਨਾਂ ਪਰਲਾ ਹਾਂ,

ਸਮਝਣ ਲਈ ਤੋਰ ਜਮਾਨੇ ਦੀ
ਮੈਂ ਚੁਸਤ ਚਲਾਕ ਬਥੇਰਾ ਹਾਂ
ਇਹ ਵੀ ਸਚ ਹੈ ਇਸ਼ਕ਼ ਚ ਓਹਦੇ
ਬਿਲਕੁਲ ਹੋਇਆ ਝੱਲਾ ਹਾਂ,

ਨੀਲੇ  ਅੰਬਰ ਨੂੰ ਛੂਹਣ ਲਈ
ਪਰਬਤ ਦੀ ਚੋਟੀ ਵਾਂਗ ਬਣਾਂ
ਧਰਤੀ ਲੜ ਲੱਗ ਰਹਿਣ ਲਈ
ਮੈਂ ਹਰ ਜੁੱਤੀ ਦਾ ਥੱਲਾ ਹਾਂ

ਲਖਾਂ ਰੀਝਾਂ ਸੰਗ ਕਢ ਕੇ ਦਿੱਤਾ
ਰੁਮਾਲ ਵੀ ਭਾਵੇਂ ਕਹਿ ਸਕਦੇ
ਜਾਂ ਖਿਝ ਕੇ ਉਂਗਲੋਂ ਲਾਹ ਕੇ ਸੁੱਟੀ
ਪਿਆਰ ਨਿਸ਼ਾਨੀ ਛੱਲਾ ਹਾਂ

ਮੇਰੀਆਂ ਨਜਮਾ ਸਭ ਗੀਤ ਮੇਰੇ
ਸ਼ਰੀਕ ਮੇਰੀ ਤਨਹਾਈ ਵਿਚ
ਸੁਖਵੀਰ ਕਦੇ ਨਹੀਂ ਕਹਿ ਸਕਦਾ
ਮੈਂ ਬਿਲਕੁਲ ਹੋਇਆ 'ਕੱਲਾ ਹਾਂ