Sunday, 3 February 2013

ਸੱਜਣਾ ਸੰਭਾਲ



ਸੱਜਣਾ ਸੰਭਾਲ ਓਏ ਤੂੰ ਖੁਦ ਨੂੰ ਸੰਭਾਲ ਵੇ
ਚੰਗੀ ਮਾੜੀ ਹੁੰਦੀ ਰਿਹੰਦੀ ਸਾਰਿਆਂ ਦੇ ਨਾਲ ਵੇ

ਬਹਾਰਾਂ ਵਾਲੀ ਰੁੱਤ ਦੇ ਨਜ਼ਾਰਿਆਂ ਦੀ ਆਸ ਰਖ
ਲੰਘ ਹੀ ਨੇ ਜਾਂਦੇ ਸਭ ਹੜ੍ਹ ਤੇ ਸਿਆਲ ਵੇ

ਉਮੀਦਾ ਵਾਲੇ ਚੱਪੂ ਨੇ ਹੀ ਪੱਤਣਾ ਤੇ ਲਾਉਣੀ ਬੇੜੀ
ਹੜ੍ਹ ਚਾਹੇ ਕਿੰਨਾ ਤੇਜ਼ ਕਿੰਨੀ ਉਚੀ ਝਾਲ ਵੇ

ਡਰ ਨਾ ਹਨੇਰਿਆਂ ਤੋਂ ਮਗਰੇ ਸਵੇਰਾ ਬਸ
ਤੂੰ ਸੁਪਨੇ ਹਸੀਨ ਰਖੀੰ ਨੈਣਾ ਵਿਚ ਪਾਲ ਵੇ

ਹੌਂਸਲੇ ਦੀ ਭਠੀ ਸਭ ਝੋਕ ਕੇ ਮੁਸੀਬਤਾਂ ਨੂੰ
ਸੁਖਾਂ ਦੇ ਸੰਚੇ ਮਰਜ਼ੀ ਦੇ ਲਵੀਂ ਫੇਰ ਢਾਲ ਵੇ

ਖੁਦ ਦਾ ਤੂੰ ਸਾਥ ਦੇ, ਖੁਦਾ ਵੀ ਤੇਰੇ ਨਾਲ ਫੇਰ
"ਸੁਖਵੀਰ" ਫੇਰ ਵੇਖੀਂ ਕਿਵੇਂ ਮੁਕਦੇ ਜੰਜਾਲ ਵੇ