Sunday, 3 February 2013

ਤੂੰ ਵਾਪਿਸ ਆ ਯਾਰਾ




ਨਹੀਂ ਦੋਸਤ
ਤੂ ਹਾਲੀ ਵਿਦਾ ਨਹੀਂ ਹੋਣਾ ਸੀ
ਹਾਲੀ ਤਾ ਤੂ ਬਹਤ ਕੁਝ ਹੋਰ ਕਰਨਾ ਸੀ

ਤੂੰ ਭਾਰਤ ਮਾਂ ਦੀ ਬਾਹ ਤੇ ਬੰਨੀ ਕੋਈ ਰਖ ਬਣਨਾ ਸੀ
ਜੋ ਸਾਨੂ ਨਹੀਂ ਦਿਸਦਾ ਦਿਖਾਉਣ ਲਈ ਅਖ ਬਣਨਾ ਸੀ
ਸਾਨੂ ਨਾਸ੍ਮ੍ਝਾ ਨੂ ਹਾਲੀ ਤੂ ਹੋਰ ਸਮਝਾਉਣਾ ਸੀ
ਸਾਨੂ ਬੇ ਅਣਖਾਂ ਨੂ ਅਣਖ ਨਾਲ ਜੀਨਾ ਸਿਖਾਉਣਾ ਸੀ
ਸਾਡੇ ਬੋਲੇ ਕੰਨਾ ਨੂ ਜੋ ਸੁਨ ਸਕੇ ਓਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁਧ ਨੂ ਫਾੜਨ ਦੇ ਲਈ ਜਾਗ ਬਣਨਾ ਸੀ
ਮੈਂ ਮੰਨਦਾ ਇਹ ਸਭ ਤੂ ਆਪਣੇ ਸਮਿਆ ਵਿਚ ਕਰ ਗਿਆ ਸੀ
ਨਾਸਾਜ਼ ਹਾਲਾਤ ਬਾਦ੍ਲਿਦੇ ਕਿਵੇਂ ਨਜਮਾ'ਚ ਲਿਖ ਕੇ ਧਰ ਗਿਆ ਸੀ
ਪਰ ਜਦੋਂ ਵੀ ਯਾਰਾ ਕਿਧਰੇ ਮੇਰੀ ਖੱਬੀ ਅਖ ਫਰਕਦੀ ਏ
ਇਓਂ ਲਗਦਾ ਏ ਮੈਨੂ ਕੇ ਤੇਰੀ ਰੂਹ ਤੜਫਦੀ ਏ
ਇਹ ਦੇਖ ਕੇ ਅਸੀਂ ਜਿਹਨਾ ਨੇ...
ਸਮੇ ਦੇ ਬੇਕਾਬੂ ਘੋੜੇ ਦੀ ਲਗਾਮ ਨੂ ਫੜਨਾ ਸੀ
ਜਿਹਨਾ ਤੇਰਾ ਦਸਿਆ ਤੀਸਰਾ ਮਹਾ-ਯੁਧ ਲੜਨਾ ਸੀ
ਆਪੋ ਵਿਚ ਹੀ ਲੜ-ਲੜ, ਕਟ-ਕਟ ਮਾਰੀ ਜਾ ਰਹੇ ਹਾਂ
ਨਿਤ ਜ਼ੁਲਮ ਦੀ ਸਰਹੱਦ ਤੇ ਸਿਰ ਧਰੀ ਜਾ ਰਹੇ ਹਾਂ

ਕੇ ਤੇਰੀਆਂ ਨਜ਼ਮਾਂ ਚ ਹੀ ਰਹਿ ਗਿਆ
ਤੇਰੇ ਦਸੇ ਜੀਣ ਦੇ ਢੰਗ ਦਾ ਨਾਂ
ਕੇ ਅਸੀਂ ਅੱਜ ਵੀ ਲੋਟੂ ਹੀ ਰਹੇਂ ਹਾਂ ਬਦਲ
ਜਿੰਦਗੀ ਤੇ ਮੌਤ ਦੇ ਅਰਥ ਬਦਲਣ ਦੀ ਥਾਂ

ਤੂੰ ਵਾਪਿਸ ਆ ਯਾਰਾ
ਜ਼ੁਲਮ ਦੇ ਖਿਲਾਫ਼ ਕਢੀ ਕੋਈ ਸੂਹ ਬਣਕੇ ਆ
ਇਨਕਲਾਬ ਦੇ ਪਿੰਡ ਨੂ ਜਾਨ੍ਨ੍ਦੀ ਕੋਈ ਜੂਹ ਬਣਕੇ ਆ
ਲੋਕਾਂ ਦੇ ਇਸ਼ਕ ਦਿਆ ਵਾਰਿਸਾ ਤੂੰ
ਵਿਚ ਸਰੀਰਾਂ ਸਾਡਿਆਂ ਰੂਹ ਬਣਕੇ ਆ

ਨਹੀਂ ਯਾਰਾ ਤੂ ਹਾਲੀ ਨਹੀਓ ਵਿਦਾ ਹੋਣਾ ਸੀ
ਹਾਲੇ ਤਾ ਯਾਰਾ ਮੈਂ ਵੀ ਤੇਰੇ ਗਲ ਲੱਗ ਰੋਣਾ ਸੀ
ਹਾਲੇ ਤਾ ਯਾਰਾ ਮੈਂ ਤੈਨੂ ਛੂਹ ਕੇ ਵੇਖਣਾ ਸੀ
ਤੇਰੇ ਹਥਾਂ ਨੂ ਚੁਮਣਾ ਸੀ ਤੇਰੇ ਪੈਰਾਂ ਨੂ ਧੋਣਾ ਸੀ.

"ਸੁਖਵੀਰ ਸਰਵਾਰਾ" 

ਕਵਿਤਾਵਾਂ ਦੀ ਰਾਣੀ



ਮਾਂ ਤੋਂ ਸੁਣੀ ਕਹਾਣੀ ਵਰਗੀ,
ਹਾਣ ਮੇਰੇ ਦੇ ਹਾਣੀ ਵਰਗੀ,
ਰਾਤੀਂ ਕੁੜੀ ਦਾ ਸੁਪਨਾ ਆਇਆ,
ਕੁੜੀ ਕਵਿਤਾਵਾਂ ਦੀ ਰਾਣੀ ਵਰਗੀ l

ਹਰ ਕੋਈ ਗੋਦੀ ਚੁੱਕਣਾ ਚਾਹਵੇ,
ਚੁੱਕ-ਚੁੱਕ ਸੌ-ਸੌ ਲਾਡ ਲ੍ਡਾਵੇ,
ਨਾਲ ਸੀਨੇ ਦੇ ਘੁੱਟ-ਘੁੱਟ ਲਾਵੇ,
ਨਵ ਜੰਮੀ ਧੀ ਧਿਆਣੀ ਵਰਗੀ l

ਓਹਦਾ ਮਿਲਣਾ ਦੁੱਧ ਮਲਾਈਆਂ ਜਿਵੇਂ,
ਨਾ ਮਿਲੇ ਤਾ ਪੀੜ ਜੁਦਾਈਆਂ ਜਿਵੇਂ,
ਬੋਲ ਓਹਦੇ ਸ਼ਹਿਨਾਈਆਂ ਜਿਵੇਂ,
ਬਜ਼ੁਰਗ ਦੀ ਸੋਚ ਸਿਆਣੀ ਵਰਗੀ l

ਰੱਬ ਦੇ ਨਾਂ ਦੀਆਂ ਨਸਲਾਂ ਵਰਗੀ,
ਹਰੀਆਂ-ਭਰੀਆਂ ਫਸਲਾਂ ਵਰਗੀ,
ਸਦੀਆਂ ਬਾਅਦ ਦੇ ਵਸਲਾਂ ਵਰਗੀ,
ਛੋਹ ਓਹਦੀ ਕੋਸੀ ਚਾਹਣੀ ਵਰਗੀ l

ਨਿੱਘ ਧੂਣੀ ਦਾ ਵਿਚ ਓਹ ਪੋਹ,
ਓਹਦੇ ਵਰਗੀ ਇੱਕੋ ਓਹ,
ਤਾਹੀਂਓ ਤਾਂ ਉਸ ਨਾਲ ਐਨਾ ਮੋਹ,
ਮੈਨੂੰ ਪਿਆਸੇ ਮਰਦੇ ਨੂੰ ਪਾਣੀ ਵਰਗੀ l

ਬੱਚੇ ਦੀ ਵਾਹੀ ਲਕੀਰ ਜਿਹੀ,
ਓਹ ਸਿਆਲਾਂ ਦੀ ਹੀਰ ਜਿਹੀ,
ਸੁਖਵੀਰ ਦੇ ਮਨ ਤਸਵੀਰ ਜਿਹੀ,
ਮੈਂ ਕੀ ਕੀ ਕਹਾਂ ਫਲਾਣੀ ਵਰਗੀ,

ਰਾਤੀਂ ਇਕ ਕੁੜੀ ਦਾ ਸੁਪਨਾ ਆਇਆ
ਕੁੜੀ ਕਵਿਤਾਵਾਂ ਦੀ ਰਾਣੀ ਵਰਗੀ

ਮੇਰੀ ਕਾਮਯਾਬੀ



ਕਦੇ ਕਦੇ
ਇਕੱਲ'ਚ ਬੈਠਾ ਮੈਂ ਸੋਚਦਾ ਹਾਂ
ਕੇ ਮੇਰੀ ਕਾਮਯਾਬੀ ਮੇਰੀ ਨਹੀਂ'
ਅਸਲ' ਚ ਇਹ
ਮੇਰੇ ਬਾਪੂ ਦੇ ਦਾਲੇ ਲਈ ਲੋਈ ਵਿਚਲੀਆਂ
ਕਈ ਮੋਰੀਆਂ ਦੀ ਹੈ
ਜੋ ਹਮੇਸ਼ਾ ਓਹਨੂੰ ਨਵੀਂ ਲੋਈ ਲਈ ਕੇ ਦੇਣ ਦਾ
ਮੈਥੋਂ ਵਾਅਦਾ ਮੰਗਦੀ
ਜਾਂ ਫੇਰ ਓਹਦੇ ਸਮਿੰਟ ਨਾਲ ਗਲੇ ਹਥਾਂ ਦੀ ਹੈ
ਜਿਹਦੇ ਪਿਲਕਰਿਆਂ  ਦੀ ਪੀੜ ਮੈਨੂੰ ਸਾਉਣ ਨਾ ਦਿੰਦੀ
ਇਹ ਮੇਰੀ ਮਾਂ ਦੇ ਪਾਟੇ ਹਥਾਂ ਦੀ ਲਗਦੀ ਹੈ
ਜੋ ਲੋਕਾਂ ਦੇ ਜੂਠੇ ਭਾਂਡੇ ਮਾਂਜਨੋ ਹੇਠੀ ਮਹਿਸੂਸ ਨਾ ਕਰਦੇ
ਤਾਂ ਜੋ ਮੇਰੀ ਫੀਸ ਵੇਲੇ ਸਿਰ ਪਹੁੰਚ ਸਕੇ
ਮੇਰੇ ਘਰ ਦੀ ਬਾਹਰਲੀ ਅਣਲਿੱਪੀ ਕੰਧ ਵੀ ਮੈਨੂੰ
ਮੇਰੀ ਕਾਮਯਾਬੀ ਚ ਸ਼ਰੀਕ ਜਾਪਦੀ ਹੈ
ਜੋ ਲੰਘਦਿਆਂ-ਵੜਦਿਆਂ ਚੀਕ ਚੀਕ ਕੇ ਮੈਥੋਂ ਲਿਪਾਈ ਮੰਗਦੀ
ਲੰਘੇ ਫੈਸ਼ਨ ਦੇ ਪੁਰਾਣੇ ਕੱਪੜੇ ਵੀ
ਮੈਨੂੰ ਕਾਮਯਾਬੀ ਦਾ ਕਾਰਨ ਲਗਦੇ ਨੇ
ਜੋ ਬ੍ਰਾਂਡੇਡ ਪਾਉਣ ਦੀ ਮੇਰੀ ਅੱਗ ਕਦੇ ਬੁਝਣ ਨਾਂ ਦਿੰਦੇ
ਭਾਈਵਾਲ ਹੈ ਮੇਰੀ ਕਾਮਯਾਬੀ ਦਾ
ਮੇਰੇ ਪਚ ਰਖੇ ਟਾਇਰਾਂ ਵਾਲੇ ਸਾਇਕਲ ਦਾ ਹਰ ਝਟਕਾ
ਜੋ ਕਾਰ ਤਕ ਪਹੁੰਚਣ ਲਈ ਪ੍ਰੇਰਦਾ ਰਹਿੰਦਾ
ਕਈ ਸ਼ਖਸੀਅਤਾਂ ਵੀ ਏਹਦੇ'ਚ ਸ਼ਾਮਿਲ ਨੇ
ਜੋ ਬਰਾਬਰ ਦਾ ਨਾਂ ਹੋਣ ਦੇ ਮਾਰਦੇ ਰਹੇ ਤਾਅਨੇ ਸਦਾ
ਮੈਨੂੰ ਕੋਈ ਮੁਕਾਮ ਬਖਸ਼ਣ ਲਈ
ਤੁਹਾਡਾ ਸ਼ੁਕ੍ਰਿਯਾ

ਅੱਜ ਕਲ ਰਾਤ



ਅੱਜ ਕਲ ਰਾਤ
ਮੇਰੇ ਲਈ ਕੇਵਲ ਰਾਤ ਨਹੀਂ ਹੁੰਦੀ
ਸਗੋਂ ਤੇਰੇ ਨਾਲ ਮੁਲਾਕਾਤ ਹੁੰਦੀ ਹੈ
ਉਡਦੇ ਬਦ੍ਲਾਂ ਚੋਂ ਅਕਸਰ
ਤੇਰਾ ਅਕਸ ਨਜਰ ਆਉਂਦਾ ਹੈ
'ਤੇ ਚੰਨ ਤੇਰੇ ਮਥੇ ਦਾ ਟਿੱਕਾ ਬਣਦਾ ਹੈ
ਤਾਰਿਆਂ ਦਾ ਟਿਮਕਣਾ
ਤੇਰੇ ਲੌਂਗ ਦਾ ਲਿਸ਼ਕਾਰਾ ਜਾਪਦਾ ਹੈ  
ਹਵਾ ਦਾ ਰੁਮ੍ਕਨਾ ਅਖਾਂ ਬੰਦ ਕਰਕੇ
ਤੇਰੇ ਚੁੰਨੀ ਦੇ ਪੱਲੂ ਦਾ ਖਹਿਣਾ ਲਗਦੈ
ਜੁਗਨੁਆਂ ਦਾ ਜਗਣਾ-ਬੁਝਣਾ ਪਤਾ ਨਹੀਂ ਕਿਓਂ
ਤੇਰੇ ਪਲਕਾਂ ਝਪਕਣ ਦੇ ਸਮਾਂ ਲਗਦੈ
'ਤੇ ਚੰਨ ਦੀ ਲੋ 'ਚ ਫਸਲਾਂ ਦੀ ਲਹਿਰਨ ਤੋਂ
ਤੇਰੀ ਤੋਰ ਦੇ ਭੁਲੇਖੇ ਪੈਂਦੇ ਨੇ
ਬਿੰਡੇਆਂ ਦੇ ਬੋਲਣ ਦੀ ਅਵਾਜ਼
ਤੇਰੀ ਝਾਂਜਰ ਦੇ ਬੋਰ ਬਣਦੇ ਨੇ
ਵਿਹੜੇ ਖਿੜੀ ਰਾਤ ਦੀ ਰਾਣੀ ਚੋਂ
ਤੇਰੇ ਸਾਹਾਂ ਦੀ ਮਹਿਕ ਆਉਂਦੀ ਹੈ
ਅੱਜ ਕਲ ਰਾਤ
ਮੇਰੇ ਲਈ ਕੇਵਲ ਰਾਤ ਨਹੀਂ ਹੁੰਦੀ
ਸਗੋਂ ਤੇਰੇ ਨਾਲ ਮੁਲਾਕਾਤ ਹੁੰਦੀ ਹੈ

ਸੱਜਣਾ ਸੰਭਾਲ



ਸੱਜਣਾ ਸੰਭਾਲ ਓਏ ਤੂੰ ਖੁਦ ਨੂੰ ਸੰਭਾਲ ਵੇ
ਚੰਗੀ ਮਾੜੀ ਹੁੰਦੀ ਰਿਹੰਦੀ ਸਾਰਿਆਂ ਦੇ ਨਾਲ ਵੇ

ਬਹਾਰਾਂ ਵਾਲੀ ਰੁੱਤ ਦੇ ਨਜ਼ਾਰਿਆਂ ਦੀ ਆਸ ਰਖ
ਲੰਘ ਹੀ ਨੇ ਜਾਂਦੇ ਸਭ ਹੜ੍ਹ ਤੇ ਸਿਆਲ ਵੇ

ਉਮੀਦਾ ਵਾਲੇ ਚੱਪੂ ਨੇ ਹੀ ਪੱਤਣਾ ਤੇ ਲਾਉਣੀ ਬੇੜੀ
ਹੜ੍ਹ ਚਾਹੇ ਕਿੰਨਾ ਤੇਜ਼ ਕਿੰਨੀ ਉਚੀ ਝਾਲ ਵੇ

ਡਰ ਨਾ ਹਨੇਰਿਆਂ ਤੋਂ ਮਗਰੇ ਸਵੇਰਾ ਬਸ
ਤੂੰ ਸੁਪਨੇ ਹਸੀਨ ਰਖੀੰ ਨੈਣਾ ਵਿਚ ਪਾਲ ਵੇ

ਹੌਂਸਲੇ ਦੀ ਭਠੀ ਸਭ ਝੋਕ ਕੇ ਮੁਸੀਬਤਾਂ ਨੂੰ
ਸੁਖਾਂ ਦੇ ਸੰਚੇ ਮਰਜ਼ੀ ਦੇ ਲਵੀਂ ਫੇਰ ਢਾਲ ਵੇ

ਖੁਦ ਦਾ ਤੂੰ ਸਾਥ ਦੇ, ਖੁਦਾ ਵੀ ਤੇਰੇ ਨਾਲ ਫੇਰ
"ਸੁਖਵੀਰ" ਫੇਰ ਵੇਖੀਂ ਕਿਵੇਂ ਮੁਕਦੇ ਜੰਜਾਲ ਵੇ

ਮੇਰਾ ਵਜੂਦ



ਮੇਰਾ ਵਜੂਦ ਹੈ ਡੂੰਘੇ ਪਾਣੀ ਜੇਹਾ
ਨਹੀਂ ਲਹਿਰ ਦਾ ਉੱਤਲਾ ਛੱਲਾ ਹਾਂ
ਭਾਵੇਂ ਲਖ ਬਣਾ ਕਦੇ ਪਥਰ ਦਿਲ
ਪਰ ਅਸਲ'ਚ ਮੋਮ ਦਾ ਪੁਤਲਾ ਹਾਂ

ਵੈਰੀ ਤੇ ਸਾਧੇ ਨਿਸ਼ਾਨੇ ਦਾ,
 ਮੈਨੂ ਕੇਂਦਰ ਬਿੰਦੁ ਕਹਿ ਸਕਦੇ
ਸੱਜਾ ਹਾਂ ਨਾਂ ਖੱਬਾ ਹਾਂ
ਉਰਲਾ ਹਾਂ ਨਾਂ ਪਰਲਾ ਹਾਂ,

ਸਮਝਣ ਲਈ ਤੋਰ ਜਮਾਨੇ ਦੀ
ਮੈਂ ਚੁਸਤ ਚਲਾਕ ਬਥੇਰਾ ਹਾਂ
ਇਹ ਵੀ ਸਚ ਹੈ ਇਸ਼ਕ਼ ਚ ਓਹਦੇ
ਬਿਲਕੁਲ ਹੋਇਆ ਝੱਲਾ ਹਾਂ,

ਨੀਲੇ  ਅੰਬਰ ਨੂੰ ਛੂਹਣ ਲਈ
ਪਰਬਤ ਦੀ ਚੋਟੀ ਵਾਂਗ ਬਣਾਂ
ਧਰਤੀ ਲੜ ਲੱਗ ਰਹਿਣ ਲਈ
ਮੈਂ ਹਰ ਜੁੱਤੀ ਦਾ ਥੱਲਾ ਹਾਂ

ਲਖਾਂ ਰੀਝਾਂ ਸੰਗ ਕਢ ਕੇ ਦਿੱਤਾ
ਰੁਮਾਲ ਵੀ ਭਾਵੇਂ ਕਹਿ ਸਕਦੇ
ਜਾਂ ਖਿਝ ਕੇ ਉਂਗਲੋਂ ਲਾਹ ਕੇ ਸੁੱਟੀ
ਪਿਆਰ ਨਿਸ਼ਾਨੀ ਛੱਲਾ ਹਾਂ

ਮੇਰੀਆਂ ਨਜਮਾ ਸਭ ਗੀਤ ਮੇਰੇ
ਸ਼ਰੀਕ ਮੇਰੀ ਤਨਹਾਈ ਵਿਚ
ਸੁਖਵੀਰ ਕਦੇ ਨਹੀਂ ਕਹਿ ਸਕਦਾ
ਮੈਂ ਬਿਲਕੁਲ ਹੋਇਆ 'ਕੱਲਾ ਹਾਂ

ਕੁਝ ਤਾਂ ਹੈ


ਕੁਝ ਤਾਂ ਹੈ

ਤੇਰੇ ਮੇਰੇ ਵਿਚ ਕੁਝ ਤਾਂ ਹੈ
ਤੇਰੇ ਮੇਰੇ ਵਿਚ ਕੁਝ ਤਾਂ ਹੈ

ਕੁਝ ਤਾਂ ਹੈ ਜੋ ਬਸ ਨੈਣ ਮੇਰੇ
ਤੈਨੂ ਹੀ ਤੱਕਣਾ ਚਾਹੁੰਦੇ ਨੇ
ਕੁਝ ਤਾਂ ਹੈ ਜੋ ਪੈੜ ਤੇਰੀ
ਪੈਰ ਮੇਰੇ ਨ੍ਪ੍ਣਾ ਚਾਹੁੰਦੇ ਨੇ
ਕੁਝ ਤਾਂ ਹੈ ਮੇਰਾ ਚੰਨ ਕਹੇ
ਤੇਰੀ ਰਾਤ ਨੂੰ ਰੌਸ਼ਨ ਕਰ ਜਾਵਾਂ
ਕੁਝ ਤਾਂ ਹੈ ਮੇਰਾ ਰਗ-ਰਗ ਚਾਹਵੇ
ਹਰ ਪੀੜ ਤੇਰੀ ਨੂੰ ਜਰ ਜਾਵਾਂ
ਕੁਝ ਤਾਂ ਹੈ ਤੂੰ ਤੱਕ ਕੇ ਮੈਨੂੰ
ਸੰਗ ਕੇ ਨਜ਼ਰ ਚੁਰਾਉਂਦੀ ਏਂ
ਕੁਝ ਤਾਂ ਹੈ ਕੇ ਕੁਝ ਨਾ ਹੁੰਦਿਆਂ
ਜੋ ਕੁਝ ਹੈ ਦਸਣਾ ਚਾਹੁੰਦੀ ਏਂ
ਕੁਝ ਤਾਂ ਹੈ ਜੋ ਸੱਜਣਾ ਮੇਰੀ
ਨੀਂਦ ਤੇ ਕਬਜ਼ਾ ਤੇਰਾ ਹੈ
ਕੁਝ ਤਾਂ ਹੈ ਮੇਰੇ ਕਦਮ ਕਹਿਣ
ਤੁਰਨਾ ਤੇਰੇ ਨਾਲ ਪੰਧ ਲਮੇਰਾ ਹੈ
ਕੁਝ ਤਾਂ ਹੈ ਕੇ ਮੈਂ ਵੀ ਚਾਹਾਂ
ਸਾਂਝੀ ਆਪਣੀ ਤਕਦੀਰ ਹੋਵੇ
ਕੁਝ ਤਾਂ ਹੈ ਸੁਖਵੀਰ ਚਾਹੇ
ਤੇਰੇ ਹਰ ਫੱਟ ਤੇ ਬੰਨੀ ਲੀਰ ਹੋਵੇ

ਤੇਰੇ ਮੇਰੇ ਵਿਚ ਕੁਝ ਤਾਂ ਹੈ
ਤੇਰੇ ਮੇਰੇ ਵਿਚ ਕੁਝ ਤਾਂ ਹੈ

ਅਨ੍ਨਾ, ਮੈਂ ਲੋਕਪਾਲ ਬੋਲਦਾਂ



 ਅਨ੍ਨਾ ਮੈਂ ਲੋਕਪਾਲ ਬੋਲਦਾਂ, ਇਸ ਸਮੇ ਮੈਂ ਸੰਸਦ ਚੋ ਬੋਲ ਰਿਹਾਂ ਕਿਓਂ ਕੇ ਤੇਰੀ ਸੋਚ ਦੇ ਸ਼ੁਕ੍ਰਾਣੁ ਸੰਸਦ ਦੇ ਆਂਡਿਆਂ ਨਾਲ ਮੇਲ ਖਾ ਗਏ ਨੇ I ਤੇਰੀ  ਜਿੱਦ  ਤੋ ਡਰਦਿਆਂ ਨੇ ਦੋਹੇਂ ਸਦਨਾ ਦੇ ਮੈਮ੍ਬ੍ਰਾਂ ਨੇ ਮੇਰੇ ਬਾਰੇ ਸਿਧਾਂਤਕ ਮੰਜੂਰੀ ਦੇ ਦਿਤੀ ਹੈ I ਮੇਰਾ ਭਰੂਣ ਹੁਣ ਸੰਸਦ ਦੇ ਗਰਭ ਚ ਪਣਪਣਾ ਸ਼ੁਰੂ ਕਰ ਗਿਆ ਹੈ Iਮੈਨੂ ਬਹੁਤ ਡਰ ਲੱਗ ਰਿਹਾ ਹੈ I ਇਥੇ ਜੇਹੜੇ ਲੋਕ ਬੈਠੇ ਨੇ ਨਾ, ਬੜੇ ਭਿਆਨਕ ਨੇ....ਨਹੀਂ ਨਹੀਂ, ਮੈ ਸ਼ਕਲਾਂ ਦੀ ਨੀ, ਅਕਲਾਂ ਦੀ ਭਿਆਨਕਤਾ ਦੀ ਗੱਲ ਕਰ ਰਿਹਾ ਹਾਂ..'ਤੇ ਉਪਰੋਂ ਤੁਸੀਂ ਇਹਨਾ ਦੀ ਭਿਆਨਕਤਾ ਖਤਮ ਕਰਨ ਦੀ ਭਾਰੀ ਜ਼ਿਮ੍ਮੇਵਾਰੀ ਵਾਸਤੇ ਮੈਨੂ ਬੁਲਾ ਰਹੇ ਹੋ I

  ਪਰ ਮੈ ਤਾ ਹੁਨੇ ਤੋ ਹੀ ਬੜੀ ਦੁਭਿਧਾ ਚ ਫਸ ਗਿਆ ਹਾਂ I ਮੈਨੂ ਇਹ ਸਮਝ ਨਹੀਂ ਲੱਗ  ਰਹੀ ਕੇ ਮੈ ਤੈਨੂ ਆਪਣਾ ਪਿਤਾ ਕਹਾਂ ਜਾਂ 2 ਤਿਹਾਈ ਬਹੁਮਤ ਦੀ ਸਾਂਝੀ ਔਲਾਦ I ਚੱਲ ਛਡ," ਲੋਕਾਂ ਨੇ ਕਿਹੜਾ ਮੇਰਾ ਜਨਮ ਸਰਟੀਫੀਕੇਟ ਦੇਖਣਾ, ਓਹਨਾ ਨੂੰ,,, ਤੇ ਤੈਨੂ ਵੀ ਬਸ ਮੇਰਾ ਕੰਮ ਚਾਹਿਦਾ ਹੈ ਕੇ ਮੈ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿਆਂ I
    ਹਾ ਹਾ ਹਾ  ਹਾ-- ਭ੍ਰਿਸ਼ਟਾਚਾਰ... ਤੇ ਮੈਂ ਲੋਕਪਾਲ- ਆਹ ਦੇਖ ਏਹਦਾ ਤਾ ਨਾਮ ਵੀ ਸਾਲਾ ਕਿੱਡਾ ਔਖਾ ਤੇ ਮੈਂ ਵਚਾਰਾ ਮਾੜਚੂ ਜਾ ਲੋਕਪਾਲ I
ਨਾਲੇ ਤੈਨੂ ਚਗਾ ਭਲਾ ਪਤਾ ਵੀ ਇਹ ਗੰਦ ਦੀ ਨਦੀ ਇਸੇ ਸੰਸਦ ਚੋ ਫੁਟਦੀ ਆ ਤੇ ਇਹ ਵੀ,,, ਕੇ ਪਾਣੀ ਨਿਵਾਣ ਨੂੰ ਵਗਦਾ,,, ਫੇਰ ਛੋਟੀ ਅਫਸਰਸ਼ਾਹੀ ਨੇ ਤਾ ਭ੍ਰਿਸ਼ਟ ਹੋਣਾ ਈ ਹੋਇਆ I ਨਾਲੇ ਇਹ ਭ੍ਰਿਸ਼ਟਾਚਾਰ ਤਾਂ ਹੁਣ ਇਹਨਾ ਚਿਟਕਪੜੀਆਂ ਦੇ ਖੂਨ'ਚ ਹਿਮੋਗਲੋਬੀਨ ਦੀ ਥਾਂ ਲੈਗਿਆ 'ਤੇ ਜਿਹੜਾ ਵੀ ਏਹਦੇ ਨਾਲ ਲੜਨ ਦੀ ਕੋਸ਼ਿਸ਼ ਕਰਦਾ ਇਹ ਆਵਦੇ ਲਹੂ ਦਾ ਟੀਕਾ ਓਹਦੇ ਵੀ ਲਾ ਦਿੰਦੇ ਆ I
    ਸਚ ਓਹਦੇ ਤੋਂ ਯਾਦ ਆਇਆ ,ਮੇਰੇ ਤਾਏ ਦਾ ਮੁੰਡਾ ਵਿਜੀਲੇੰਸ ਤੇ ਭੂਆ ਦੀ ਕੁੜੀ ਸੀ.ਬੀ.ਆਈ ਵੀ ਤਾਂ ਤੁਸੀਂ ਭੇਜੀ ਸੀ ਭ੍ਰਿਸ਼ਟਾਚਾਰ ਨਾਲ ਲੜਨ ਵਾਸਤੇ..ਕੀ ਬਣਿਆ ???? ਇਹਨਾ ਕੰਜਰਾਂ ਦੇ ਟੋਲੇ ਨੇ ਲਹੂ ਦਾ ਟੀਕਾ ਓਹਨਾ ਦੇ ਵੀ ਲਾਤਾ 'ਤੇ ਅਖੇ ਚੋਰ ਨਾਲੋਂ ਪੰਡ ਕਾਹਲੀ,,  ਅੱਗੋਂ ਓਹ ਵੀ ਕਾਹਲੇ ਸੀ ਲਵਾਉਣ ਨੂੰ ਤਾਹੀਂ ਤਾ ਓਹਨਾ ਨੂੰ ਹੁਣ ਭੈਣ ਭਾਈ ਕਹਿਣ ਨੂ ਰੂਹ ਨੀ ਕਰਦੀ I

ਤਾਏ ਦਾ ਮੁੰਡਾ ਜੇ ਇਹਨਾ ਦੀਆਂ ਉਂਗਲਾਂ ਤੇ ਨਾਂ ਚੜ੍ਹਿਆ ਹੁੰਦਾ ਤਾ 'ਕੱਲੇ ਪੰਜਾਬ ਚੋਂ ਈ ਰੋਜ਼ ਇਕ ਰਵੀ ਸਿਧੂ ਫੜ੍ਹਿਆ ਜਾਣਾ ਸੀ ਤੇ ਭੂਆ ਦੀ ਕੁੜੀ ਦੀ ਵੀ ਸੁਣ ਲੈ ਹੁਣ ਲੱਗੇ ਹਥੀਂ. ਜੇ ਓਹ ਚੱਜ ਦੀ ਹੁੰਦੀ ਤਾਂ ਰੂਚਿਕਾ ਕਤਲ ਕਾਂਡ ਮਿੰਟੋ ਮਿੰਟੀ ਹਲ ਹੋਗਿਆ ਹੁੰਦਾ ਤੇ ਨਾ ਹੀ ਜੈਸੀਕਾ ਦੇ ਕੇਸ ਚ ਗਵਾਹ ਮੁੱਕਰ ਸਕਦੇ ਸੀ  
ਪਰ ਤੁਸੀਂ ਯਾਰ ਹੁਣ ਸਾਰੇ ਕੰਮ ਮੇਰੇ ਤੇ ਈ ਛਡਣ ਨੂ ਫਿਰਦੇ ਓਂ... ਆ ਦੋਹੇਂ ਭੈਣ ਭਰਾਵਾਂ ਦੇ ਜੀਨਸ ਵੀ ਮੇਰੇ ਵਿਚ ਰਲਾ'ਤੇ ....

ਚਲੋ ਕੋਈ ਨਹੀਂ ਬੰਦਾ ਕੀ ਕਰ ਸਕਦਾ ਅਖੀਰ," ਸਿਰਫ ਕੋਸ਼ਿਸ਼ "ਚਲੋ ਮੈਂ ਕਰ ਲਵਾਗਾ I
  ਪਰ ਪਹਿਲਾਂ ਇਕ ਐਂਟੀ ਭ੍ਰਿਸ਼ਟਾਚਾਰ ਟੀਕਾ ਡਾਕਟਰਾਂ ਤੋ ਇਜਾਦ ਕਰਵਾ ਕੇ ਮੇਰੀ ਟੀਮ ਦੇ ਮੇਮ੍ਬ੍ਰਾਂ ਦੇ ਜਰੂਰ ਲਵਾ ਦਿਓ, ਕਿਓਂ ਕੇ ਮੈਂ ਸੁਣਿਆ ਤੁਸੀਂ ਦੁਧ ਦੀ ਰਾਖੀ ਬਿੱਲੇ ਨੂ ਬਠਾਉਣ ਲੱਗੇ ਹੋ I ਜਰਾ ਸੋਚ ਕਰੋ ਯਾਰ, ਜੇਹੜੇ ਮੁਲਕ ਚ ਜੱਜਾਂ ਖਿਲਾਫ਼ ਮਹਾਦੋਸ਼ ਸਿਧ ਹੁੰਦੇ ਰਹੇ ਹੋਣ ਓਹਨਾ ਦੇ ਹਥ ਚ ਮੇਰੀ ਲਗਾਮ ਕਿੰਨੀ ਕੁ ਸੋਹਣੀ ਲੱਗੂ?? ਫੇਰ ਮੈਨੂ ਦੋਸ਼ ਨਾ ਦੇਣਾ ਕੇ ;ਲੋਕਪਾਲ ਵੀ ਭ੍ਰਿਸ਼ਟ ਹੋ ਗਿਆ,,
  'ਤੇ ਹਾਂ, ਜੇ ਪੰਜਾਬ ਦੇ ਭ੍ਰਿਸ਼ਟਾਚਾਰ ਨਾਲ ਵੀ ਮੈਨੂ ਲੜਾਉਣ ਦੀ ਸਲਾਹ ਹੈ ਥੋਡੀ ਤਾਂ ਮੇਰੇ ਜੰਮਣ ਤੋਂ  ਪਹਿਲਾਂ ਇਕ ਵਧੀਆ ਜਾ ਬਾਡੀ ਟੋਨਰ ਪੋਉਡਰ ਮੰਗਵਾ ਕੇ ਰਖਿਓ ਮੇਰੇ ਲਈ, ਕਿਓਂਕੇ ਓਥੇ ਤਾਂ ਬਈ ਸਾਨ੍ਹਾ ਦੇ ਬੜੇ ਭਿਆਨਕ ਟੋਲੇ ਨੇ .ਤੇ ਜੇ ਮੈਂ ਮੈਂ ਪੰਜਾਬ ਦੀ ਭੂਮੀ ਤੇ ਜੰਗ ਜਿੱਤ ਗਿਆ ਨਾ ਤਾਂ ਸਾਰੇ ਦਫਤਰ ਸਣੇ ਕਲਰਕਾਂ ਖਾਲੀ ਹੋ ਜਾਣੇ ਨੇ.. ਬਾਕੀ ਤੁਸੀਂ ਆਪ ਸਿਆਣੇ ਓ I
ਨਾਲੇ ਕੀ ਕਰੋਂਗੇ ਯਾਰ ਮੈਨੂ ਕਾਨੂਨ ਬਣਾ ਕੇ,,ਤੁਸੀਂ ਕਿਵੇਂ ਭੁਲਗੇ... ਇਥੇ ਕਾਨੂਨ, ਕਾਨੂਨ ਬਣਾਉਣ ਵਾਲਿਆਂ ਦੀ ਰਖੇਲ ਹੁੰਦੇ ਨੇ, ਜੇ ਅਜਿਹਾ ਨਾਂ ਹੁੰਦਾ ਤਾ ਅਮ੍ਬੇਦਕਰ ਦੀ ਮੁੰਦਰੀ ਨੂੰ 94 ਟਾਂਕੇ ਨਹੀਂ ਸੰਨ ਲੱਗਣੇ..
  ਅਛਾ ਹੁਣ ਮੈਂ ਚਲਦਾਂ, ਤੂੰ ਆਪਣੀ ਸਿਹਤ ਦਾ ਖਿਆਲ ਰਖੀੰ ਤੇ ਮੇਰੇ ਭ੍ਰ੍ਰੁਣ ਦਾ ਵੀ, ਕਿਓਂ ਕੇ ਇਹ ਕੰਸਾ ਦਾ ਟੋਲਾ ਕਿਸੇ ਵੀ ਸਮੇ ਸੰਸਦ ਦੇ ਗਰਭਪਾਤ ਦੀ ਸਾਜਿਸ਼ ਰਚ ਸਕਦਾ I ਬਾਕੀ ਗੱਲਾਂ ਮੇਰੇ ਆਉਣ ਤੇ ਕਰਾਂਗੇ .
ਅੰਨਾ,,,,ਮੈਂ ਲੋਕਪਾਲ ਬੋਲਦਾਂ      

ਕਦੇ ਕਦੇ



ਕਦੇ ਕਦੇ ਮੇਰੇ ਅੰਦਰ
ਭਾਵਨਾਵਾਂ ਤੇ ਜਜਬਾਤਾਂ ਦੀਆਂ ਸੜਕਾਂ ਤੇ
ਮੇਰੇ ਦਿਲ ਦੇ ਚੌਰਾਹੇ 'ਚ
ਸ਼ਬਦਾਂ ਦੀ ਬੜੀ ਖੌਫਨਾਕ ਟੱਕਰ ਹੁੰਦੀ ਹੈ
ਜਿਹਦੇ 'ਚ ਦਮ ਤੋੜ ਜਾਂਦੇ ਨੇ
ਮੇਰੀਆਂ ਨਵੀਆਂ ਕਵਿਤਾਵਾਂ ਵਲ੍ਹ ਆਉਂਦੇ
ਸ਼ਬਦਾਂ ਦੇ ਕਾਫਲੇ
ਏਸ ਹਾਦਸੇ ਚੋਂ
ਜੇਓੰਦਾ ਬਚੇ ਜ਼ਖਮੀ ਸ਼ਬਦਾਂ ਨਾਲ
ਯਾਰੋ ਲਿਖ ਨਿਓਂ ਹੁੰਦੀ
ਮੇਰੇ ਤੋ ਕੋਈ ਨਜ਼ਮ
ਜੋ ਦੇ ਸਕੇ ਸਕੂਨ ਕਿਸੇ ਜ਼ਖਮੀ ਦਿਲ ਨੂੰ
ਫੱਟਾਂ ਤੇ ਲੱਗੀ ਮਹ੍ਲਮ ਵਾਂਗਰਾਂ

ਸੱਚ ਪੁਛੇਂ ਤਾਂ

ਸਚ ਪੁਛੇਂ ਤਾਂ ਜਿਸਮਾਂ ਦੇ
ਹੁਣ ਕੋਈ ਮਾਈਨੇ ਨਹੀਂ ਬਚੇ
ਹੋਰਾਂ ਦੇ ਰੂਪ ਦੀਆਂ ਰਿਸ਼ਮਾਂ ਦੇ
ਹੁਣ ਕੋਈ ਮਾਈਨੇ ਨਹੀ ਬਚੇ
ਮਾਈਨੇ ਜੇ ਬਚੇ ਨੇ
ਤਾ ਏਸ ਗੱਲ ਦੇ
ਕੇ ਸਫਰ ਭਾਵੇਂ 
ਰਾਹਵਾਂ ਦਾ ਹੋਵੇ ਜਾਂ ਸਾਹਵਾਂ ਦਾ
ਤੇਰੇ ਸਾਥ ਤੋ ਬਿਨਾ
ਬੜੇ ਔਖੇ ਲਗਣੇ ਨੇ
ਮਾਈਨੇ ਜੇ ਬਚੇ ਨੇ
ਤਾ ਏਹਸਾਸ ਦੇ ਓਸ ਰਿਸ਼ਤੇ ਦੇ
ਆਪਾਂ ਦੋਹਾਂ ਦੇ ਜਿਸਮਾਂ ਨੂੰ
ਪਿਆਰ ਦੀ ਛਾਣਨੀ ਚ ਛਾਨਣ ਤੋ ਬਾਅਦ
ਜੋ  ਸਾਫ਼ ਆਟੇ ਵਾਂਗਰਾਂ ਆਪਾਂ ਦੋਹਾਂ ਦੀ
ਰੂਹ ਦੀ ਪਰਾਂਤ ਵਿਚ ਆ ਡਿਗਿਆ ਹੈ
...ਸਚ ਪੁਛੇਂ ਤਾਂ ਜਿਸਮਾਂ ਦੇ
ਹੁਣ ਕੋਈ ਮਾਈਨੇ ਨਹੀਂ ਬਚੇ
..................sukhveer