Wednesday, 27 August 2025

ਹਰ ਪਲ ਹਰ ਪਹਿਰ

ਹਰ ਪਲ, ਹਰ ਪਹਿਰ ਜ਼ਿਹਨੀਂ ਤੇਰਾ ਹੀ ਖ਼ਿਆਲ ਹੈ
ਦਿਲਬਰ ਲਾਸਾਨੀ ਹੈ ਮਨ ਤੇਰਾ ਰੂਪ ਬੇਮਿਸਾਲ  ਹੈ

ਕਵੀ ਹੁੰਦਿਆਂ ਵੀ ਤਾਰੀਫ ਮੈਂ ਕਰ ਨਹੀਂ ਸਕਿਆ
ਤੇਰੇ ਹੁਸਨਾ ਦੇ ਹਾਣ ਦੇ ਅਜੇ ਸ਼ਬਦਾਂ ਦੀ ਭਾਲ਼

ਤੇਰੀ  ਹੋਂਦ  ਦਾ  ਅਸਰ  ਕੁਝ  ਏਦਾਂ  ਹੈ  ਦਿਲਬਰ ਮੇਰੇ
ਕਣਕਾਂ ਪੱਕੀਆ ਨੂੰ ਹਾੜੵ ਜਿਓਂ ਬੀਜਿਆਂ  ਸਿਆਲ਼ ਹੈ

ਤੇਰੇ ਸਾਹਾਂ ਦੀ ਖੁਸ਼ਬੂ ਬਸੀ ਹੈ ਧੁਰ ਅੰਦਰ ਏਦਾਂ ਮੇਰੇ
ਕੁੱਲ ਗੁਲਾਬਾਂ ਦੀ ਖਲ਼ਕਤ ਜਿਓਂ ਤੁਰਦੀ ਮੇਰੇ ਨਾਲ਼ ਹੈ

ਬਸ ਕੋਸ਼ਿਸ਼ ਹੈ ਮੇਰੀ ਇਕ ਅਹਿਸਾਸ ਨੂੰ ਬਿਆਨਣ ਦੀ
ਐਂਵੇਂ ਨਾ ਯਾਰੋ ਕਹਿਣਾ 'ਸੁਖਵੀਰ' ਤੂੰ ਲਿਖਿਆ ਕਮਾਲ ਹੈ

   18-4-18  9.35

Thursday, 2 September 2021

ਤੇਰੇ ਬਿਨ ਜੇ ਸਰਦਾ ਹੁੰਦਾ

ਤੇਰੇ ਬਿਨ ਜੇ ਸਰਦਾ ਹੁੰਦਾ
ਕਿਉਂ ਏਦਾਂ ਮੈਂ ਕਰਦਾ ਹੁੰਦਾ
ਤੂੰ ਹੈਂ ਤਾਂ ਹੈ ਬਰਸਾਤ ਸਾਵਣ ਦੀ
ਨਈਂ ਤਾਂ ਧੂੜ ਤੇ ਗਰਦਾ ਹੁੰਦਾ
ਤੇਰੇ ਮੋਹ ਦਾ ਨਿੱਘ ਹੈ ਨਹੀਂ ਤਾਂ
ਪੋਹ ਦੇ ਪਾਲ਼ੇ ਠਰਦਾ ਹੁੰਦਾ
ਤੂੰ ਸੋਚ ਕੇ ਕਿੰਨਾ ਮੋਹ ਹੈ ਨਹੀਂ ਤਾਂ 
ਸਭ ਬੇਰੁਖੀਆਂ ਕਿੰਜ ਜਰਦਾ ਹੁੰਦਾ
ਇਸ ਰਿਸ਼ਤੇ ਨੂੰ ਲੱਗਣ ਨਾ ਨਜ਼ਰਾਂ
ਤਾਹੀਓਂ ਤਾਂ ਪੂਰਾ ਪਰਦਾ  ਹੁੰਦਾ
ਤੂੰ ਲੜਿਆ ਰੁੱਸਿਆ ਨਾ ਕਰ ਸੱਜਣਾ
ਹਰ ਪਲ ਦਿਲ ਇਹ ਡਰਦਾ ਹੁੰਦਾ
ਤੇਰੇ ਬਿਨ ਜੇ ਸਰਦਾ ਹੁੰਦਾ
ਕਿਉਂ ਏਦਾਂ ਮੈਂ ਕਰਦਾ ਹੁੰਦਾ

Wednesday, 25 January 2017

ਜਸ਼ਨ ਮਨਾਏ ਜਾਣਗੇ

ਯਾਰੋ 26 ਜਨਵਰੀ ਆ ਗਈ

ਹੁਣ ਜਸ਼ਨ ਮਨਾਏ ਜਾਣਗੇ
ਹਰ ਜਿਲ੍ਹੇ ਦੇ ਸਟੇਡੀਅਮ'ਚ
ਤਿਰੰਗੇ ਲਹਿਰਾਏ ਜਾਣਗੇ

ਫੇਰ ਸਾਡੇ ਅਰਮਾਨਾ ਨੂ
ਝੰਡੇ ਵਿਚ ਪਾਇਆ ਜਾਵੇਗਾ
ਫੇਰ ਕਿਸੇ ਚਿਟਕਪੜੀਏ ਤੋਂ
ਪੈਰਾਂ ਚ ਰੁਲਾਇਆ ਜਾਵੇਗਾ
ਫੇਰ ਦੋਗਲੀਆਂ ਗੱਲਾਂ ਦੇ
ਬਿਗੁਲ ਵਜਾਏ ਜਾਣਗੇ
ਯਾਰੋ  26 ਜਨਵਰੀ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਬੇਮਤਲਬ ਦੇ ਦੰਗਿਆਂ ਚ ਮਾਰੇ
ਫੌਜੀ ਦੀ ਵਿਧਵਾ ਨੂ ਬੁਲਾਇਆ ਜਾਵੇਗਾ
ਓਹਦੇ ਸਿਰ ਦੇ ਸਾਈ ਦੇ ਬਦਲੇ
ਇਕ ਤਗਮਾ ਫੜਾਇਆ ਜਾਵੇਗਾ
ਪਰ ਓਹਦੀ ਗ੍ਰੈਚੁਟੀ ਦੇ ਬਣਦੇ ਪੈਸੇ
ਨਾ ਛੇਤੀ ਹਥ ਚ ਫੜਾਏ ਜਾਣਗੇ
ਹੁਣ ਜਸ਼ਨ ਮਨਾਏ ਜਾਣਗੇ

ਅਰਥ ਵਿਵਸਥਾ ਕੁਝ % ਸੁਧਰੀ
ਓਹ ਲਾਲ ਕਿਲੇ ਤੇ ਚੜਕੇ ਬੋਲੇਗਾ
ਪਰ ਅਸਲ ਚ ਲੈਣ ਨੂ ਕਰਜ਼ੇ ਬਾਹਰੋ
ਰਾਹ ਮਲਟੀ ਨੈਸ਼ਨਲਜ ਲਈ ਖੋਲੇਗਾ
ਆਰਥਿਕ ਗੁਲਾਮੀ ਦੇ ਬੇੜੀਆਂ ਸੰਗਲ
ਭਾਰਤ ਨੂੰ ਪੁਆਏ ਜਾਣਗੇ
ਹੁਣ ਜਸ਼ਨ ਮਨਾਏ ਜਾਣਗੇ

ਅਸੀਂ ਗਰੀਬੀ ਜੜੋਂ ਹੀ ਚੱਕ ਦੇਣੀ
ਜਹਿਆ ਸਕੀਮਾਂ ਨੂੰ ਸੁਣਾਇਆ ਜਾਵੇਗਾ
ਪਰ ਪਹਿਲੀਆਂ ਕਿਓਂ ਦਮ ਤੋੜ ਗਈਆਂ
ਇਸ ਤਥ ਨੂ ਛੁਪਾਇਆ ਜਾਵੇਗਾ
ਫੇਰ ਉੱਜੜੀਆਂ ਅਖਾਂ ਤੇ ਚਸ਼ਮੇ
ਖੁਸ਼ਹਾਲੀ ਦੇ ਚੜਾਏ ਜਾਣਗੇ

ਹੁਣ ਜਸ਼ਨ ਮਨਾਏ ਜਾਣਗੇ

ਇਸ ਮਹਿੰਗਾਈ ਨੂੰ ਨਥ ਪਾਵਣ ਦੀ
ਕਿਤੇ ਕੋਈ ਗੱਲ ਨਹੀ ਹੋਵੇਗੀ
ਬੇਰੁਜਗਾਰੀ ਜਮਾਂ ਮਿਟਾਵਣ ਦੀ
ਕਿਤੇ ਕੋਈ ਗਲ ਨਹੀਂ ਹੋਵੇਗੀ
ਸਾਮਰਾਜ ਦੀ ਰਹੇਗੀ ਚੜਤ ਓਦਾ
ਸਮਾਜਵਾਦ ਲਿਆਵਣ ਦੀ ਕਿਤੇ ਕੋਈ ਗੱਲ ਨਹੀਂ ਹੋਵੇਗੀ
ਹਾਸ਼ੀਏ ਤੋ ਬਾਹਰ ਸ਼ਹੀਦਾਂ ਦੇ
ਸੁਪਨੇ ਹਟਾਏ ਜਾਣਗੇ

ਹੁਣ ਜਸ਼ਨ ਮਨਾਏ ਜਾਣਗੇ

ਭਲਾ ਦੇਸ਼ ਦਾ ਜੇ ਚਾਹੁੰਦੇ ਤਾ
ਸਚ ਦੀ ਭਿਆਨਕ ਅੱਗ ਸੇਕੋ
ਕੀ ਕੀਤਾ ਹਾਸਿਲ ਗੱਲ ਛਡੋ
ਜੋ ਰਹੰਦਾ ਬਾਕੀ ਸਭ ਦੇਖੋ
ਪਰ ਤਾਕਤ ਦੇ ਨਸ਼ੇ ਲਈ ਹੀ
ਇਹ ਪਰਪੰਚ ਰਚਾਏ ਜਾਣਗੇ
ਯਾਰੋ  26 ਜਨਵਰੀ ਆ ਗਈ
ਹੁਣ ਜਸ਼ਨ ਮਨਾਏ ਜਾਣਗੇ

ਸੁਖਵੀਰ ਸਰਵਾਰਾ