ਫੁੱਲਾਂ ਦੇ ਨਾਲ ਕੰਡੇ ਵੀ ਮੈਂ ਤੋੜ ਲਏ
ਯਾਰਾਂ ਦੇ ਨਾਲ ਵੈਰੀ ਵੀ ਮੈਂ ਜੋੜ ਲਏ,
ਸ਼ਿਕਵਾ ਵੀ ਨਾ ਕੀਤਾ ਲੂਹੇ ਹੱਥਾਂ ਦਾ
ਐਨਾ ਕੀਤਾ ਕਿ ਹੱਥਾਂ ਵਿਚ ਝੰਜੋੜ ਲਏ,
ਰਿਸ਼ਤੇ ਕਈਆਂ ਨਾਲ ਰੂਹੋਂ ਗੂੜੇ੍ ਪਿਆਰਾਂ ਦੇ
ਅਹੁਦਿਆਂ ਦੀ ਹਠ ਤੇ ਮੇਰੀ ਮੈਂ ਨੇ ਖੋਰ ਲਏ,
ਇਉਂ ਕਿਰੀਆਂ ਪਾਲਾਂ ਵਿਚੋਂ ਇਤਫ਼ਾਕ ਦੀਆਂ
ਭੁੱਟੇ ਦੇ ਦਾਣਿਆਂ ਵਾਂਗਰ ਲੜੀਆਂ ਭੋਰ ਲਏ,
ਹੁਣ ਆਦੀ ਹਾਂ ਰੱਜ ਕੇ ਦੁੱਖ ਹੰਡਾਉਣੇਂ ਦਾ
ਕੁਝ ਤੂੰ ਦੇ ਗਈ ਤੇ ਕੁਝ ਕੁ ਮੁੱਲ ਮੈਂ ਹੋਰ ਲਏ
ਸੁਖਵੀਰ ਸੁਖੀ ਵਸ ਸਕਦੇ ਉਹੀਓ ਸੁਣ ਯਾਰਾ
ਜਿੰਨਾਂ ਪਰਛਾਵੇਂ ਜਿਸਮੋਂ ਵੱਖਰੇ ਤੋਰ ਲਏ