Tuesday, 9 February 2016

ਰਿਸ਼ਤੇ

ਹਵਾ ਵਰਗੇ
ਹੋ ਨਿਬੜਦੇ ਨੇ ਕਦੇ ਕਦੇ
ਰਿਸ਼ਤੇ ਵੀ

ਮਹਿਸੂਸ ਹੁੰਦੇ ਨੇ ਕੇਵਲ
ਜਜ਼ਬਾਤ ਦੇ ਬੁਲਿਆਂ ਵੇਲੇ
ਕਦੇ ਦਿਖਾਈ ਨਾ ਦੇਣ
ਕਦੇ ਚਲ ਪੈਣ
ਤੇ ਕਦੇ ਨਿਰਾ ਗੁੰਮ
ਜਦ ਦੁਖਾਂ ਦੇ ਕੂੜ ਦੀ ਗੱਲ ਆਵੇ
ਮੁਸ਼ਕ ਜਾਂਦੇ
ਤੇ ਫੁੱਲਾਂ ਵਾਂਗੂੰ ਮਹਿਕ ਜਾਣ
ਜਦ ਸੁਖਾਵੇਂ ਪਲਾਂ ਦੇ
ਬਗੀਚਿਆਂ ਨਾਲ ਖਹਿਣ
ਕਈ ਵਾਰ
ਲੱਖਾਂ ਝੱਖੜ ਝੱਲ ਕੇ ਵੀ
ਨਹੀਂ ਬਣ ਪਾਉਂਦੇ
ਅਨੰਤ ਨਾਦ ਦੀ ਧੁਨੀ ਵਰਗੇ

Friday, 5 February 2016

ਜੁਗਨੂੰ

ਤੂੰ ਸੀ ਤਾਂ
ਸੂਰਜ ਸਾਂ
ਜਗ ਰੁਸ਼ਨਾਉਂਦਾ ਸਾਂ
ਚੰਨ ਸਾਂ
ਰਾਤ ਨੂੰ ਵੀ ਰਾਹ ਦਿਖਾਂਉਦਾ ਸਾਂ
ਤੂੰ ਗਈ
ਬਸ ਜੁਗਨੂੰ ਹਾਂ
ਆਪਣੀ ਹੋਂਦ ਵੀ ਬਸ
ਰਹਿ ਰਹਿ ਕੇ
ਦਸ ਹੁੰਦੀ ਹੈ.
............... 23/4/14  8.01 PM

ਚੁੱਪ

ਤੇਰੇ ਮੇਰੇ
ਦੁਨਿਆਵੀ ਰੌਲਿਆਂ ਤੋਂ
ਹਮੇਸ਼ਾ ਹਾਰਦਾ ਹੀ ਰਿਹੈ
ਆਪਣੀ ਚੁੱਪ ਦਾ ਸ਼ੋਰ
ਚੱਲ ਐਤਕੀਂ
ਗੱਲਾਂ ਕਰਨ ਦਵੀਂ
ਨੈਣਾਂ ਨੂੰ ਨੈਣਾਂ ਨਾਲ
ਦਿਲ ਨੂੰ ਦਿਲ ਨਾਲ
ਦਿਲਦਾਰਾ
ਹਰ ਵਾਰ ਜਜ਼ਬਾਤ
ਸ਼ਬਦਾਂ ਦੇ
ਮੁਥਾਜ਼ ਨਹੀਂ ਹੁੰਦੇ
.....................ਸੁਖਵੀਰ